ਈਰਾਨ ਦੱਸੇ, ਸਾਥੋਂ ਕੀ ਚਾਹੁੰਦੈ : ਰੂਸ

0
122

ਮਾਸਕੋ : ਰੂਸ ਨੇ ਕਿਹਾ ਹੈ ਕਿ ਉਹ ਈਰਾਨੀ ਸੁਪਰੀਮ ਲੀਡਰ ਅਲੀ ਹੋਸੈਨੀ ਖਾਮੇਨੇਈ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਈਰਾਨੀ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੈ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨਾਲ ਗੱਲਬਾਤ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਰਾਨ ’ਤੇ ਅਮਰੀਕੀ ਹਮਲੇ ਨੂੰ ਨਾਜਾਇਜ਼ ਕਰਾਰ ਦਿੱਤਾ। ਅਰਾਕਚੀ ਨੇ ਅਮਰੀਕੀ ਹਮਲੇ ਦੀ ਨਿੰਦਾ ਕਰਨ ਲਈ ਪੁਤਿਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰੂਸ ਇਤਿਹਾਸ ਦੇ ਸਹੀ ਪਾਸੇ ਖੜ੍ਹਾ ਹੈ। ਰੂਸ ਨੇ ਕਿਹਾ ਹੈ ਕਿ ਇਹ ਈਰਾਨ ’ਤੇ ਨਿਰਭਰ ਕਰਦਾ ਹੈ ਕਿ ਉਹ ਰੂਸ ਤੋਂ ਕੀ ਚਾਹੁੰਦਾ ਹੈ। ਉਜ ਪੂਤਿਨ ਨੇ ਕਿਹਾ ਹੈ ਕਿ ਰੂਸ ਸਿੱਧੇ ਤੌਰ ’ਤੇ ਇਸ ਤਣਾਅ ਵਿੱਚ ਨਹੀਂ ਪੈ ਸਕਦਾ।ਇਸਦਾ ਕਾਰਨ ਇਜ਼ਰਾਈਲ ’ਚ ਰਹਿਣ ਵਾਲੇ ਰੂਸੀ ਭਾਸ਼ਾਈ ਲੋਕ ਹਨ, ਜਿਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।ਰੂਸ ਅਤੇ ਈਰਾਨ ਦੇ ਸੰਬੰਧ ਦਹਾਕਿਆਂ ਪੁਰਾਣੇ ਹਨ। ਹਾਲਾਂਕਿ ਪੁਤਿਨ ਈਰਾਨ ਅਤੇ ਇਜ਼ਰਾਈਲ ਵਿਚਕਾਰ ਹਾਲ ਹੀ ਵਿੱਚ ਹੋਏ ਤਣਾਅ ’ਤੇ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਦਾ ਇੱਕ ਵੱਡਾ ਕਾਰਨ ਇਜ਼ਰਾਈਲ ’ਚ ਮੌਜੂਦ ਵੱਡੀ ਗਿਣਤੀ ਵਿੱਚ ਰੂਸੀ ਆਬਾਦੀ ਹੈ।ਇਜ਼ਰਾਈਲ ਦੀ ਇੱਕ ਵੱਡੀ ਆਬਾਦੀ ਰੂਸੀ ਭਾਸ਼ਾ ਬੋਲਦੀ ਹੈ। ਅਜਿਹੀ ਸਥਿਤੀ ’ਚ ਖੁੱਲ੍ਹ ਕੇ ਈਰਾਨ ਦਾ ਸਮਰਥਨ ਕਰਨਾ ਰਾਸ਼ਟਰਪਤੀ ਪੁਤਿਨ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ।ਸੇਂਟ ਪੀਟਰਸਬਰਗ ਵਿੱਚ ਅੰਤਰਰਾਸ਼ਟਰੀ ਆਰਥਿਕ ਫੋਰਮ ਦੌਰਾਨ, ਪੁਤਿਨ ਨੇ ਕਿਹਾ, ‘ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੋਵੀਅਤ ਯੂਨੀਅਨ ਅਤੇ ਰੂਸ ਦੇ 20 ਲੱਖ ਤੋਂ ਵੱਧ ਲੋਕ ਇਜ਼ਰਾਈਲ ਵਿੱਚ ਰਹਿੰਦੇ ਹਨ।ਅੱਜ ਇਹ ਇੱਕ ਰੂਸੀ ਭਾਸ਼ੀ ਦੇਸ਼ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ ਤੱਥ ਨੂੰ ਯਾਦ ਰੱਖਣਾ ਹੋਵੇਗਾ।’
ਈਰਾਨ ਦੇ ਉਪ ਵਿਦੇਸ਼ ਮੰਤਰੀ ਮਾਜਿਦ ਤਖ਼ਤ ਰਵਾਂਚੀ ਨੇ ਕਿਹਾ ਕਿ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕੇਗਾ। ਈਰਾਨ ਦੀ ਮਿਲਟਰੀ ਸੈਂਟਰਲ ਕਮਾਂਡ ਦੇ ਬੁਲਾਰੇ ਇਬਰਾਹਿਮ ਜੋਲਫਾਗਰੀ ਨੇ ਕਿਹਾ, ‘ਗੈਂਬਲਰ ਟਰੰਪ, ਤੁਸੀਂ ਯੁੱਧ ਸ਼ੁਰੂ ਕੀਤਾ, ਪਰ ਇਸ ਨੂੰ ਖ਼ਤਮ ਅਸੀਂ ਕਰਾਂਗੇ।’
ਇਸੇ ਦੌਰਾਨ ਈਰਾਨ ਨੇ ਲਗਭਗ 40 ਮਿੰਟਾਂ ਤੱਕ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਇਜ਼ਰਾਈਲ ਦਾ ਭਾਰੀ ਨੁਕਸਾਨ ਹੋਇਆ ਹੈ। ਇਜ਼ਰਾਈਲ ਇਲੈਕਟਿ੍ਰਕ ਕਾਰਪੋਰੇਸ਼ਨ ਨੇ ਸੋਮਵਾਰ ਕਿਹਾ ਕਿ ਈਰਾਨ ਨੇ ਅਸ਼ਦੋਦ ਪਾਵਰ ਪਲਾਂਟ ’ਤੇ ਬੰਬਾਰੀ ਕੀਤੀ ਹੈ, ਜਿਸ ਕਾਰਨ ਇਜ਼ਰਾਈਲ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੇਰੂਸ਼ਲਮ ਵਿੱਚ ਧਮਾਕੇ ਸੁਣੇ ਗਏ। ਈਰਾਨ ਵੱਲੋਂ ਤੇਲ ਅਵੀਵ ਅਤੇ ਹਾਈਫਾ ਵਰਗੇ ਸ਼ਹਿਰਾਂ ’ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਐਤਵਾਰ ਇਜ਼ਰਾਈਲੀ ਹਵਾਈ ਅੱਡਾ ਅਥਾਰਟੀ ਨੇ ਇਜ਼ਰਾਈਲ ਦੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।
ਇਜ਼ਰਾਈਲ ਨੇ ਰਾਜਧਾਨੀ ਤਹਿਰਾਨ ਦੇ ਦੱਖਣ-ਪੂਰਬ ਹਿੱਸਿਆਂ ’ਚ ਸਥਿਤ ਛੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ 15 ਏਅਰਕਰਾਫਟ ਅਤੇ ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ। ਇਜ਼ਰਾਇਲੀ ਡਿਫੈਂਸ ਨੇ ਕਿਹਾ ਕਿ ਇਸ ਮਿਸ਼ਨ ’ਚ ਰਿਮੋਟਲੀ ਅਪਰੇਟਿਡ ਏਅਰਕਰਾਫਟ ਦਾ ਉਪਯੋਗ ਕੀਤਾ ਗਿਆ। ਈਰਾਨ ਮੀਡੀਆ ‘ਨੂਰ ਨਿਊਜ’ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤਹਿਰਾਨ ਅਤੇ ਕਰਜ ਵਰਗੇ ਵੱਡੇ ਸ਼ਹਿਰਾਂ ’ਚ ਹਵਾਈ ਰੱਖਿਆ ਪ੍ਰਣਾਲੀਆਂ ਨੇ ਕਈ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।