ਕਾਮਰੇਡ ਸੁਤੰਤਰ ਕੁਮਾਰ ਦਾ ਪਾਰਟੀ ਸਨਮਾਨਾਂ ਨਾਲ ਅੰਤਮ ਸੰਸਕਾਰ

0
130

ਬੰਗਾ (ਅਵਤਾਰ ਕਲੇਰ)
ਕਾਮਰੇਡ ਸੁਤੰਤਰ ਕੁਮਾਰ ਦੇ ਜਾਣ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅੱਜ ਦੇ ਹਾਲਾਤ ’ਚ ਉਹਨਾ ਦੀ ਸਮਾਜ ਅਤੇ ਪਾਰਟੀ ਨੂੰ ਬਹੁਤ ਲੋੜ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਨਵਾਂ ਸ਼ਹਿਰ ਵਿਖੇ ਸੀ ਪੀ ਆਈ ਦੇ ਸੂਬਾ ਆਗੂ, ਬੀ ਐੱਸ ਐੱਨ ਐੱਲ ਦੇ ਸੂਬਾਈ ਆਗੂ, ਏਟਕ ਦੇ ਸੀਨੀਅਰ ਆਗੂ ਅਤੇ ਸੀ ਪੀ ਆਈ ਦੇ ਲੰਮਾ ਸਮਾਂ ਨਵਾਂ ਸ਼ਹਿਰ ਦੇ ਜ਼ਿਲ੍ਹਾ ਸਕੱਤਰ ਰਹੇ ਕਾਮਰੇਡ ਸੁਤੰਤਰ ਕੁਮਾਰ ਦੇ ਅੰਤਮ ਸੰਸਕਾਰ ਤੋਂ ਬਾਅਦ ਪੱਤਰਕਾਰਾਂ ਨਾਲ ਕੀਤਾ। ਉਹਨਾ ਕਿਹਾ ਕਿ ਅੱਜ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਬੋਲਬਾਲਾ ਹੈ, ਜਮਹੂਰੀਅਤ ਖ਼ਤਰੇ ਚ ਹੈ। ਦੇਸ਼ ਅੰਦਰ ਘੱਟ ਗਿਣਤੀਆਂ ’ਤੇ ਜ਼ੁਲਮ ਹੋ ਰਹੇ ਹਨ। ਸੰਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹਨਾਂ ਹਾਲਤਾਂ ਦੇ ਚੱਲਦਿਆਂ ਸੁਤੰਤਰ ਕੁਮਾਰ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਾਥੀ ਬਰਾੜ ਨੇ ਕਿਹਾ ਕਿ ਪਾਰਟੀ ਕਾਂਗਰਸ, ਜੋ ਕਿ ਸਤੰਬਰ ਮਹੀਨੇ ਚੰਡੀਗੜ੍ਹ ਵਿਖੇ ਹੋ ਰਹੀ ਹੈ, ਸਾਥੀ ਸੁਤੰਤਰ ਨੇ ਬਿਮਾਰ ਹੋਣ ਦੇ ਬਾਵਜੂਦ ਸਾਢੇ ਪੰਜ ਲੱਖ ਰੁਪਏ ਇਕੱਠੇ ਕਰਕੇ ਪਾਰਟੀ ਨੂੰ ਦਿੱਤੇ। ਸਾਥੀ ਸੁਤੰਤਰ ਸਾਰੀਆਂ ਹੀ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਆਗੂ ਸਨ।
ਜ਼ਿਕਰਯੋਗ ਹੈ ਕਿ ਕਾਮਰੇਡ ਸੁਤੰਤਰ ਕੁਮਾਰ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ ਅਤੇ ਕੁਝ ਦਿਨਾਂ ਤੋਂ ਜਲੰਧਰ ਦੇ ਵੱਡੇ ਹਸਪਤਾਲ ਦਾਖਲ ਸਨ। ਬੀਤੀ ਰਾਤ ਹਸਪਤਾਲ ਵਿਚ ਹੀ ਉਹਨਾ ਦੀ ਮੌਤ ਹੋ ਗਈ। ਨਵਾਂ ਸ਼ਹਿਰ ਵਿਖੇ ਉਹਨਾ ਦੀ ਅੰਤਮ ਵਿਦਾਇਗੀ ਮੌਕੇ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਵੱਲੋਂ ਪਾਰਟੀਆਂ ਦੇ ਝੰਡੇ ਪਾਏ ਗਏ। ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਖੱਬੀਆਂ ਪਾਰਟੀਆਂ ਦੇ ਸੂਬਾਈ ਆਗੂਆਂ, ਪਾਰਟੀ ਵਰਕਰਾਂ ਨਮ ਅੱਖਾਂ ਨਾਲ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ।ਗੁਲਜ਼ਾਰ ਸਿੰਘ ਗੋਰੀਆ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਾਮਰੇਡ ਸੁਤੰਤਰ ਕੁਮਾਰ ਮੁਲਾਜ਼ਮ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ ਦੇ ਸਾਂਝੇ ਆਗੂ ਸਨ। ਉਹਨਾ ਨਾਲ ਕਾਫੀ ਸਮਾਂ ਇਕੱਠਿਆਂ ਕੰਮ ਕੀਤਾ ਅਤੇ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਨਰੰਜਣ ਦਾਸ ਮੇਹਲੀ, ਕਿਸਾਨ ਆਗੂ ਜਸਵਿੰਦਰ ਸਿੰਘ ਭੰਗਲ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਸੀਟੂ ਆਗੂ ਮਹਾਂ ਸਿੰਘ ਰੋੜੀ, ਕਿਰਤੀ ਕਿਸਾਨ ਯੂਨੀਅਨ ਆਗੂ ਸੁਰਿੰਦਰ ਸਿੰਘ ਬੈਂਸ, ਪਰਮਿੰਦਰ ਮੇਨਕਾ ਬਲਾਚੌਰ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ, ਬੂਟਾ ਸਿੰਘ ਮਹਿਮੂਦਪੁਰ, ਇੰਦਰਜੀਤ ਰੂਪੋਵਾਲੀ ਪ੍ਰਧਾਨ ਇਪਟਾ ਪੰਜਾਬ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਬਲਵੀਰ ਸਿੰਘ ਜਾਡਲਾ, ਗੁਰਬਖਸ਼ ਕੌਰ ਰਾਹੋਂ, ਗੁਰਮੁੱਖ ਸਿੰਘ ਫਰਾਲਾ, ਗੁਰਮੇਲ ਚੰਦ ਨਵਾਂ ਸ਼ਹਿਰ, ਅਮਰਜੀਤ ਮੇਹਲੀ, ਦਸੌਂਧਾ ਸਿੰਘ, ਜਗਤਾਰ ਸਿੰਘ, ਮੁਕੰਦ ਸਿੰਘ ਕਪੂਰਥਲਾ, ਆਰ ਐੱਮ ਪੀ ਆਈ ਆਗੂ ਸਤਨਾਮ ਸਿੰਘ ਗੁਲਾਟੀ, ਕੁਲਦੀਪ ਸਿੰਘ ਦੌੜਕਾ, ਸਰਾਧੂ ਰਾਮ, ਜੁਝਾਰ ਸਿੰਘ, ਜਰਨੈਲ ਸਿੰਘ, ਮਹਿੰਦਰ ਪਾਲ, ਗੁਰਿੰਦਰ ਰਾਹੋਂ ਤੋਂ ਇਲਾਵਾ ਖੱਬੀਆਂ ਪਾਰਟੀਆਂ ਦੇ ਵਰਕਰ ਅਤੇ ਰਿਸ਼ਤੇਦਾਰ ਮੌਜੂਦ ਸਨ।