ਵਾਸ਼ਿੰਗਟਨ : ਸੋਮਵਾਰ ਰਾਤ ਚਾਣਚੱਕ ਜੰਗਬੰਦੀ ਕਰਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਇਜ਼ਰਾਈਲ ਤੇ ਈਰਾਨ ਦੋਵਾਂ ’ਤੇ ਖਿਝ ਗਿਆ ਕਿ ਉਨ੍ਹਾਂ ਜੰਗਬੰਦੀ ਦੀ ਉਸ ਦੀ ਪੇਸ਼ਕਸ਼ ਮੰਨ ਕੇ ਵੀ ਉਲੰਘਣਾ ਕੀਤੀ। ਉਹ ਈਰਾਨ ਨਾਲੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੋਂ ਵੱਧ ਨਾਰਾਜ਼ ਨਜ਼ਰ ਆਇਆ।
ਹੇਗ ਵਿੱਚ ਨਾਟੋ ਸੰਮੇਲਨ ਵਿੱਚ ਹਿੱਸਾ ਲੈਣ ਜਾਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਇਜ਼ਰਾਈਲ ਨੂੰ ਈਰਾਨ ਵੱਲ ਉਡਾਏ ਜਹਾਜ਼ ਤੁਰੰਤ ਵਾਪਸ ਲਿਆਉਣ ਦਾ ਹੁਕਮ ਦਿੱਤਾ। ਉਸ ਨੇ ਕਿਹਾ ਕਿ ਜੇ ਉਹ ਨਾ ਟਲਿਆ ਤਾਂ ਜੰਗਬੰਦੀ ਦੀ ਘੋਰ ਉਲੰਘਣਾ ਮੰਨੀ ਜਾਵੇਗੀ। ਇਜ਼ਰਾਈਲੀ ਰੱਖਿਆ ਮੰਤਰੀ ਇਸਰਾਇਲ ਕਾਟਜ਼ ਨੇ ਈਰਾਨ ਵੱਲ ਇਹ ਕਹਿ ਕੇ ਜਹਾਜ਼ ਉਡਵਾ ਦਿੱਤੇ ਸਨ ਕਿ ਉਸ ਨੇ ਇਜ਼ਰਾਈਲੀ ਸ਼ਹਿਰਾਂ ’ਤੇ ਮਿਜ਼ਾਈਲਾਂ ਦਾਗੀਆਂ। ਟਰੰਪ ਨੇ ਬਾਅਦ ਵਿੱਚ ਟਵੀਟ ਕੀਤਾ ਕਿ ਦੋਨੋਂ ਹੁਣ ਜੰਗਬੰਦੀ ਦੀ ਪਾਲਣਾ ਕਰ ਰਹੇ ਹਨ। ਉਧਰ ਈਰਾਨ ਨੇ ਜੰਗਬੰਦੀ ਨੂੰ ਆਪਣੀ ਜਿੱਤ ਕਰਾਰ ਦਿੱਤਾ ਹੈ। ਈਰਾਨੀ ਉਪ ਰਾਸ਼ਟਰਪਤੀ ਮੁਹੰਮਦ ਰਜ਼ਾ ਆਰਿਫ ਨੇ ਕਿਹਾ ਕਿ ਈਰਾਨ ਨੇ ਖਿੱਤੇ ਵਿੱਚ ਅਮਰੀਕਾ ਤੇ ਪੱਛਮ ਦਾ ਸਿੰਗ ਭੰਨ ਦਿੱਤਾ ਹੈ ਤੇ ਉਨ੍ਹਾਂ ਨੂੰ ਆਪਣੀ ਤਾਕਤ ਦਿਖਾ ਦਿੱਤੀ ਹੈ। ਈਰਾਨ ਦੀ ਵੱਡੀ ਤੇ ਇਤਿਹਾਸਕ ਸਿਰਜਕ ਜਿੱਤ ਹੋਈ ਹੈ। ਸਭ ਨੂੰ ਚਾਨਣ ਹੋ ਜਾਣਾ ਚਾਹੀਦਾ ਹੈ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕੋਈ ਖਤਮ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਕਾਟਜ਼ ਨੇ ਕਿਹਾ ਸੀ ਕਿ ਜੰਗਬੰਦੀ ਸਮਝੌਤਾ ਅਮਲ ਵਿਚ ਆਉਣ ਤੋਂ ਕੁਝ ਘੰਟਿਆਂ ਅੰਦਰ ਈਰਾਨ ਨੇ ਮਿਜ਼ਾਈਲਾਂ ਦਾਗੀਆਂ ਹਨ। ਈਰਾਨ ਨੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਿਜ਼ਾਈਲਾਂ ਜੰਗਬੰਦੀ ਤੋਂ ਪਹਿਲਾਂ ਦਾਗੀਆਂ ਗਈਆਂ ਸਨ।
ਈਰਾਨ ਵੱਲੋਂ ਸਵੇਰੇ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਮਗਰੋਂ ਦੋਵਾਂ ਧਿਰਾਂ ਨੇ ਸਮਝੌਤੇ ਨੂੰ ਸਵੀਕਾਰ ਕੀਤਾ। ਉਧਰ, ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ’ਚ ਈਰਾਨ ਦੇ ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਲਮੇਲ ਨਾਲ ਈਰਾਨ ਨਾਲ ਦੁਵੱਲੀ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾ ਸੋਮਵਾਰ ਰਾਤ ਇਜ਼ਰਾਈਲ ਦੀ ਸੁਰੱਖਿਆ ਬਾਰੇ ਕੇਂਦਰੀ ਕਮੇਟੀ ਨੂੰ ਰਿਪੋਰਟ ਦਿੱਤੀ ਸੀ ਕਿ ਇਜ਼ਰਾਈਲ ਨੇ ਈਰਾਨ ਵਿਰੁੱਧ 12 ਦਿਨਾਂ ਦੀ ਕਾਰਵਾਈ ਦੌਰਾਨ ਆਪਣੇ ਸਾਰੇ ਜੰਗੀ ਟੀਚੇ ਹਾਸਲ ਕਰ ਲਏ ਹਨ, ਜਿਸ ਵਿੱਚ ਈਰਾਨ ਦੇ ਪ੍ਰਮਾਣੂ ਅਤੇ ਬੈਲਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਲ ਸੀ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਈਰਾਨ ਦੀ ਫੌਜੀ ਲੀਡਰਸ਼ਿਪ ਅਤੇ ਕਈ ਸਰਕਾਰੀ ਥਾਵਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਤਹਿਰਾਨ ਦੇ ਅਸਮਾਨ ’ਤੇ ਕੰਟਰੋਲ ਹਾਸਲ ਕਰ ਲਿਆ।



