ਚੰਡੀਗੜ੍ਹ : ਵਿਜੀਲੈਂਸ ਬਿਊਰੋ ਤੇ ਪੁਲਸ ਦੀਆਂ ਟੀਮਾਂ ਨੇ ਨਸ਼ਿਆਂ ਅਤੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ ’ਤੇ ਤਾਬੜਤੋੜ ਛਾਪੇ ਮਾਰੇ।
ਵਿਜੀਲੈਂਸ ਬਿਊਰੋ ਦੀ ਟੀਮ ਨੇ ਮਜੀਠੀਆ ਨੂੰ ਅੰਮਿ੍ਰਤਸਰ ’ਚ ਹਿਰਾਸਤ ਵਿੱਚ ਲੈਣ ਪਿੱਛੋਂ ਮੁਹਾਲੀ ਦੇ ਸੈਕਟਰ 68 ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫਤਰ ‘ਵਿਜੀਲੈਂਸ ਭਵਨ’ ਵਿਖੇ ਲਿਜਾ ਕੇ ਪੁੱਛਗਿੱਛ ਕੀਤੀ। ਬਾਹਰ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਵਰਕਰ ਪੰਜਾਬ ਸਰਕਾਰ ਦੇ ਖਿਲਾਫ ਤੇ ਮਜੀਠੀਆ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ।
ਮਜੀਠੀਆ ਦੀ ਅੰਮਿ੍ਰਤਸਰ ਵਿੱਚ ਗਰੀਨ ਐਵੇਨਿਊ ਸਥਿਤ ਰਿਹਾਇਸ਼ ’ਚ ਮਾਰੇ ਛਾਪੇ ਦੌਰਾਨ 29 ਮੋਬਾਈਲ ਫੋਨ, 4 ਲੈਪਟਾਪ, 2 ਆਈਪੈਡ, 8 ਡਾਇਰੀਆਂ ਅਤੇ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਤੇ ਉਨ੍ਹਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਛਾਪੇ ਦੀ ਅਗਵਾਈ ਏ ਆਈ ਜੀ ਸਵਰਨਦੀਪ ਸਿੰਘ ਨੇ ਕੀਤੀ, ਜਿਨ੍ਹਾ ਨੂੰ ਹਾਲ ਹੀ ਵਿੱਚ ਮੁਅੱਤਲੀ ਤੋਂ ਬਾਅਦ ਬਹਾਲ ਕੀਤਾ ਗਿਆ ਸੀ। ਉਹ ਇਸ ਸਮੇਂ ਵਿਜੀਲੈਂਸ ਮੁਹਾਲੀ ਦੀ ਫਲਾਇੰਗ ਸਕੁਐਡ ਟੀਮ ਵਿੱਚ ਕੰਮ ਕਰ ਰਹੇ ਹਨ।
ਮਜੀਠੀਆ ਵਿਰੁੱਧ ਸਾਲ 2021 ਵਿੱਚ ਦਰਜ ਕੀਤੇ ਗਏ ਐੱਨ ਡੀ ਪੀ ਐੱਸ ਐਕਟ ਤਹਿਤ ਨਸ਼ੀਲੇ ਪਦਾਰਥਾਂ ਨਾਲ ਸੰਬੰਧਤ ਇੱਕ ਮਾਮਲੇ ਵਿੱਚ ਪਹਿਲਾਂ ਹੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਮਜੀਠੀਆ ਤੇ ਉਨ੍ਹਾ ਨਾਲ ਜੁੜੇ ਲੋਕਾਂ ਦੇ ਸ਼ੱਕੀ ਵਿੱਤੀ ਲੈਣ-ਦੇਣ ਦੀ ਵੀ ਜਾਂਚ ਸ਼ੁਰੂ ਕੀਤੀ ਗਈ ਸੀ। ਬੁੱਧਵਾਰ ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਸ ਨੇ ਸੂਬੇ ਭਰ ਵਿੱਚ 25 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਅੰਮਿ੍ਰਤਸਰ ਵਿੱਚ 9 ਥਾਵਾਂ ਸ਼ਾਮਲ ਹਨ।
ਗਰੀਨ ਐਵੇਨਿਊ ਵਿਚਲੀ ਰਿਹਾਇਸ਼ ਦੇ ਬਾਹਰ ਅਕਾਲੀ ਵਰਕਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਿਚ ਸਾਫ ਕੀਤਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਿਆਸੀ ਬਦਲਾਖੋਰੀ ਵਾਲੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾ ਕਿਹਾ ਕਿ ਉਨ੍ਹਾ ਦੇ ਘਰ ਵਿੱਚ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ। ਉਹ ਖੁਦ ਘਰ ਵਿੱਚ ਹਨ ਅਤੇ ਉਨ੍ਹਾ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਇਸ ਟੀਮ ਨੇ ਘਰ ਵਿੱਚ ਛਾਪੇਮਾਰੀ ਕੀਤੀ ਹੈ, ਜਿਸ ਦੀ ਅਗਵਾਈ ਵਿਜੀਲੈਂਸ ਵਿਭਾਗ ਦੇ ਐੱਸ ਐੱਸ ਪੀ ਕਰ ਰਹੇ ਹਨ। ਉਨ੍ਹਾ ਕਿਹਾ ਕਿ ਨਸ਼ਿਆਂ ਦੇ ਸੰਬੰਧ ਵਿੱਚ ਦਰਜ ਕੇਸ ਵਿੱਚ ਜਦੋਂ ਉਨ੍ਹਾ ਖਿਲਾਫ ਕੁਝ ਨਹੀਂ ਮਿਲਿਆ ਤਾਂ ਸਰਕਾਰ ਉਨ੍ਹਾ ਖਿਲਾਫ ਇੱਕ ਹੋਰ ਨਵਾਂ ਮਾਮਲਾ ਦਰਜ ਕਰਨ ਦਾ ਯਤਨ ਕਰ ਰਹੀ ਹੈ। ਭਗਵੰਤ ਮਾਨ ਸਰਕਾਰ ਉਨ੍ਹਾ ਨੂੰ ਡਰਾਉਣ ਅਤੇ ਧਮਕਾਉਣ ਦਾ ਯਤਨ ਕਰ ਰਹੀ ਹੈ, ਪਰ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾ ਕਿਹਾ, ‘‘ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ’ਤੇ ਗੱਲ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਗੱਲ ਕਰਦਾ ਰਹਾਂਗਾ। ਮੈਨੂੰ ਅਕਾਲ ਪੁਰਖ ’ਤੇ ਪੂਰਾ ਭਰੋਸਾ ਹੈ ਅਤੇ ਅੰਤ ਵਿੱਚ ਸੱਚਾਈ ਦੀ ਜਿੱਤ ਹੋਵੇਗੀ।’’ ਉਨ੍ਹਾ ਐਕਸ ’ਤੇ ਇੱਕ ਵੀਡੀਓ ਵੀ ਅਪਲੋਡ ਕੀਤੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਦੇ ਕੱਪੜਿਆਂ ਵਿੱਚ ਪੁਲਸ ਕਰਮਚਾਰੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਤੋਂ ਉਹ ਉਨ੍ਹਾਂ ਦੀ ਸ਼ਨਾਖਤ ਬਾਰੇ ਪੁੱਛ ਰਹੇ ਹਨ। ਮਜੀਠੀਆ ਆਪਣੇ ਸਹਿਯੋਗੀਆਂ ਨੂੰ ਇਸ ਸਾਰੀ ਕਾਰਵਾਈ ਦੀ ਵੀਡੀਓ ਬਣਾਉਣ ਬਾਰੇ ਵੀ ਕਹਿ ਰਹੇ ਹਨ।
ਹਲਕਾ ਮਜੀਠਾ ਤੋਂ ਵਿਧਾਇਕ ਬੀਬੀ ਗਨੀਵ ਕੌਰ, ਜੋ ਮਜੀਠੀਆ ਦੀ ਪਤਨੀ ਹਨ, ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਇੱਕ ਵੀਡੀਓ ਵਿੱਚ ਵਿਜੀਲੈਂਸ ਦੀ ਟੀਮ ਨਾਲ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਗਨੀਵ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਬਿਨਾਂ ਆਗਿਆ ਲਏ 25 ਤੋਂ 30 ਵਿਜੀਲੈਂਸ ਕਰਮਚਾਰੀ ਦਾਖਲ ਹੋਏ ਹਨ, ਜੋ ਕਿ ਸਰਾਸਰ ਨਿਯਮਾਂ ਦੀ ਉਲੰਘਣਾ ਹੈ। ਜੇਕਰ ਕੋਈ ਮਸਲਾ ਹੈ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ। ਬਿਨਾਂ ਪ੍ਰਵਾਨਗੀ ਲਏ ਜਬਰੀ ਘਰ ਵਿੱਚ ਦਾਖਲ ਹੋਣਾ ਕਿੰਨਾ ਕੁ ਜਾਇਜ਼ ਹੈ।
ਵਿਜੀਲੈਂਸ ਅਧਿਕਾਰੀਆਂ ਨੇ ਮਜੀਠੀਆ ਦੀਆਂ ਚੰਡੀਗੜ੍ਹ ਵਿਚਲੀਆਂ ਰਿਹਾਇਸ਼ਾਂ ’ਤੇ ਵੀ ਦਸਤਕ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਕਲੇਰ ਨੇ ਮੌਕੇ ’ਤੇ ਪਹੁੰਚ ਕੇ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਸਰਚ ਵਾਰੰਟ ਦਿਖਾਉਣ ਦੀ ਗੱਲ ਆਖੀ। ਹਾਲਾਂਕਿ ਵਿਜੀਲੈਂਸ ਬਿਊਰੋ ਨੇ ਕੋਈ ਗੱਲ ਕੀਤੇ ਬਿਨਾਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਮਜੀਠੀਆ ਦੀ ਮਜੀਠਾ ਸਥਿਤ ਰਿਹਾਇਸ਼ ਅਤੇ ਦਫਤਰ ’ਤੇ ਵੀ ਵਿਜੀਲੈਂਸ ਬਿਊਰੋ ਅਤੇ ਮਜੀਠਾ ਪੁਲਸ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਮੌਕੇ ਬਲਰਾਜ ਸਿੰਘ ਖਹਿਰਾ ਪੀ ਪੀ ਐੱਸ, ਪਵਨ ਕੁਮਾਰ ਪੀ ਪੀ ਐੱਸ, ਐੱਸ ਐੱਚ ਓ ਕਰਮਬੀਰ ਸਿੰਘ ਤੇ ਹੋਰ ਬਹੁਤ ਸਾਰੇ ਪੁਲਸ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਦੇ ਨਾਲ ਡਟ ਕੇ ਖੜ੍ਹਾ ਹੈ। ਸਰਕਾਰ ਬੁਖਲਾਹਟ ਵਿੱਚ ਆ ਕੇ ਅਜਿਹੀ ਕਾਰਵਾਈ ਕਰ ਰਹੀ ਹੈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਕਾਰਵਾਈ ਮਜੀਠੀਆ ਪਰਵਾਰ ਨੂੰ ਡਰਾਉਣ-ਧਮਕਾਉਣ ਦਾ ਯਤਨ ਹੈ, ਜਦੋਂ ਕਿ ਉਹ ਡਰਨ ਵਾਲੇ ਨਹੀਂ ਹਨ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ, ‘‘ਮੈਂ ਬਿਕਰਮ ਮਜੀਠੀਆ ਦੀ ਰਿਹਾਇਸ਼ ਤੇ ਹੋਰਨਾਂ ਟਿਕਾਣਿਆਂ ’ਤੇ ਸਿਆਸੀ ਬਦਲਾਖੋਰੀ ਦੇ ਇਰਾਦੇ ਨਾਲ ਮਾਰੇ ਛਾਪਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਪੰਜਾਬ ਹੁਣ ਪੁਲਸ ਰਾਜ ਵਿਚ ਬਦਲ ਗਿਆ ਹੈ।’’
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, ‘‘ਭਗਵੰਤ ਮਾਨ ਵੱਲੋਂ ਵਿਜੀਲੈਂਸ ਦੀ ਦੁਰਵਰਤੋਂ ਬਹੁਤ ਹਲਕੀ ਰਾਜਨੀਤੀ ਦਾ ਸਬੂਤ ਦਿੰਦੀ ਹੈ। ਜੋ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ, ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿੱਚ ਕੀਤਾ ਹੈ। ਜਿਹੜਾ ਆਗੂ ਮਾਨ ਦੇ ਜਾਂ ਸਰਕਾਰ ਦੀ ਨਾਕਾਮੀ ’ਤੇ ਸਵਾਲ ਚੁੱਕਦਾ ਹੈ, ਉਸ ਨੂੰ ਡਰਾ-ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਸੋ ਬੀਜ ਰਹੇ ਹੋ, ਪਰ ਜਿਹੜੇ ਕੰਡੇ ਆਪਣੀ ਨਿੱਜੀ ਜ਼ਿੰਦਗੀ ’ਚ ਬੀਜ ਰਹੇ ਹੋ, ਇਹ 2027 ਤੋਂ ਬਾਅਦ ਚੁਗਣੇ ਮੁਸ਼ਕਲ ਹੋ ਜਾਣਗੇ।’’





