ਸ਼ੁਭਾਂਸ਼ੂ ਸ਼ੁਕਲਾ ਦੀ ਪੁਲਾੜ ਵੱਲ ਸਫਲ ਉਡਾਣ

0
82

ਨਵੀਂ ਦਿੱਲੀ : ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀਆਂ ਨੂੰ ਆਪਣੇ ਨਾਲ ਲੈ ਕੇ ਗਿਆ ਫਾਲਕਨ 9 ਰਾਕੇਟ 8 ਮਿੰਟ ਦੇ ਅੰਦਰ ਧਰਤੀ ’ਤੇ ਸੁਰੱਖਿਅਤ ਵਾਪਸ ਆ ਗਿਆ। ਸਪੇਸ ਐੱਕਸ ਦੇ ਡਰੈਗਨ ਸਪੇਸਕ੍ਰਾਫਟ ਨੂੰ ਲੈ ਕੇ ਫਾਲਕਨ 9 ਰਾਕੇਟ ਨੇ ਦੁਪਹਿਰ 12 ਵਜੇ ਦੇ ਕਰੀਬ ਅਮਰੀਕਾ ਦੇ ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ ਸੀ। ਫਾਲਕਨ 9 ਰਾਕੇਟ ਰੀਯੂਜ਼ੇਬਲ ਹੈ, ਜਿਸ ਨੂੰ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੇ ਤਿਆਰ ਕੀਤਾ ਹੈ। ਇਹ ਦੁਨੀਆ ਦਾ ਪਹਿਲਾ ਆਰਬਿਟਲ ਕਲਾਸ ਰੀਯੂਜ਼ੇਬਲ ਰਾਕੇਟ ਹੈ। ਇਹ ਰਾਕੇਟ ਸਪੇਸਕ੍ਰਾਫਟ ਨੂੰ ਪੁਲਾੜ ਵਿੱਚ ਛੱਡ ਕੇ ਧਰਤੀ ’ਤੇ ਵਾਪਸ ਆ ਜਾਂਦਾ ਹੈ। ਫਾਲਕਨ 9 ਰਾਕੇਟ ’ਚ 9 ਮਰਲਿਨ ਇੰਜਣ ਲੱਗੇ ਹਨ, ਜੋ ਪਾਵਰ ਜਨਰੇਟ ਕਰਨ ਲਈ ਕੈਰੋਸਿਨ ਤੇ ਲਿਕਵਿਡ ਆਕਸੀਜਨ ਦਾ ਇਸਤੇਮਾਲ ਕਰਦੇ ਹਨ। ਰਾਕੇਟ ਦੀ ਤਰ੍ਹਾਂ ਇਸ ਦਾ ਇੰਜਣ ਵੀ ਰੀਯੂਜ਼ੇਬਲ ਹੈ।
ਸ਼ੁਭਾਂਸ਼ੂ ਸ਼ੁਕਲਾ ਨੇ ਤਿੰਨ ਹੋਰ ਯਾਤਰੀਆਂ ਨਾਲ ਐਕਸੀਓਮ-4 ਮਿਸ਼ਨ ਤਹਿਤ ਬੁੱਧਵਾਰ ਕੈਨੇਡੀ ਸਪੇਸ ਸੈਂਟਰ ਤੋਂ ਦੁਪਹਿਰ 12:01 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰ ਕੇ ਇਤਿਹਾਸ ਰਚਿਆ। ਉਹ ਅਮਰੀਕੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਅਤੇ ਐਕਸੀਓਮ ਸਪੇਸ ਦੇ ਏ ਐੱਕਸ-4 ਮਿਸ਼ਨ ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ (ਆਈ ਐੱਸ ਐੱਸ) ਲਈ ਰਵਾਨਾ ਹੋਏ ਹਨ। ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ, ਜਦੋਂਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿਚ ਮਿਸ਼ਨ ਪਾਇਲਟ ਹਨ। ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਪੂ ਤੇ ਪੋਲੈਂਡ ਦੇ ਸਲਾਵੋਜ਼ ਉਜ਼ਨਾਂਸਕੀ ਵਿਸਨੀਵਸਕੀ ਮਿਸ਼ਨ ਮਾਹਰ ਵਜੋਂ ਸ਼ਾਮਲ ਹਨ। ਇਹ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਲਾਂਚ ਕੀਤੇ ਜਾਣ ਵਾਲਾ ਚੌਥਾ ਨਿੱਜੀ ਪੁਲਾੜ ਮਿਸ਼ਨ ਹੈ। ਸ਼ੁਰੂ ਵਿੱਚ ਇਸ ਮਿਸ਼ਨ ਦੀ ਲਾਂਚਿੰਗ 29 ਮਈ ਨਿਰਧਾਰਤ ਕੀਤੀ ਗਈ ਸੀ, ਪਰ ਤਕਨੀਕੀ ਅਤੇ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਲਖਨਊ ਵਿੱਚ ਜਨਮੇ ਸ਼ੁਭਾਂਸ਼ੂ ਸ਼ੁਕਲਾ ਦੀ ਇਸ ਇਤਿਹਾਸਕ ਉਡਾਣ ਨੂੰ ਭਾਰਤ ਦੇ ਪੁਲਾੜ ਇਤਿਹਾਸ ਵਿੱਚ ਇੱਕ ਨਵੀਂ ਪ੍ਰਾਪਤੀ ਵਜੋਂ ਦਰਜ ਕੀਤਾ ਗਿਆ ਹੈ। ਉਡਾਣ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਸ ਨੂੰ ਭਾਰਤ ਦੀ ਨੁਮਾਇੰਦਗੀ ਕਰਨ ’ਤੇ ਮਾਣ ਹੈ ਅਤੇ ਇਹ ਮਿਸ਼ਨ ਵਿਗਿਆਨ ਅਤੇ ਪੁਲਾੜ ਖੋਜ ਦੀ ਦਿਸ਼ਾ ਵਿੱਚ ਵਿਸ਼ਵਵਿਆਪੀ ਭਾਈਵਾਲੀ ਦਾ ਪ੍ਰਤੀਕ ਹੈ। ਸਪੇਸਐਕਸ ਅਤੇ ਐਕਸੀਓਮ ਸਪੇਸ ਦੀ ਇਸ ਸਫਲਤਾ ਨੇ ਨਾ ਸਿਰਫ ਪੁਲਾੜ ਸੈਰ-ਸਪਾਟਾ ਅਤੇ ਵਪਾਰਕ ਮਿਸ਼ਨਾਂ ਦੇ ਭਵਿੱਖ ਨੂੰ ਉਜਾਗਰ ਕੀਤਾ ਹੈ ਬਲਕਿ ਭਾਰਤ ਦੇ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਅੱਗੇ ਵਧਣ ਲਈ ਵੀ ਪ੍ਰੇਰਤ ਕੀਤਾ ਹੈ।