ਭਾਰਤੀ ਨਰਸ ਦੀ ਫਾਂਸੀ ਟਲੀ

0
129

ਨਵੀਂ ਦਿੱਲੀ : ਯਮਨ ’ਚ ਕੇਰਲਾ ਦੀ ਨਰਸ ਨਿਮਿਸ਼ਾ ਪਿ੍ਰਆ ਦੀ 16 ਜੁਲਾਈ ਨੂੰ ਫਾਂਸੀ ਟਲ ਗਈ ਹੈ। ਸਰਕਾਰ ਨੇ ਯਮਨ ਤੋਂ ਕੁਝ ਹੋਰ ਦਿਨਾਂ ਦੀ ਮੰਗ ਕੀਤੀ ਸੀ, ਤਾਂ ਕਿ ਨਿਮਿਸ਼ਾ ਦਾ ਪਰਵਾਰ ਪੀੜਤ ਪਰਵਾਰ ਨੂੰ ਬਲੱਡ ਮਨੀ ਲਈ ਮਨਾ ਸਕੇ। ਪੀੜਤ ਪਰਵਾਰ ਨੂੰ 10,000 ਅਮਰੀਕੀ ਡਾਲਰ (8.5 ਕਰੋੜ ਰੁਪਏ) ਦੀ ਬਲੱਡ ਮਨੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਭਾਵਸ਼ਾਲੀ ਧਾਰਮਕ ਆਗੂਆਂ ਦੇ ਦਖਲ ਤੋਂ ਬਾਅਦ ਫਾਂਸੀ ਮੁਲਤਵੀ ਕੀਤੀ ਗਈ ਹੈ।
ਭਾਰਤ ਦੇ ਕੰਠਪੁਰਮ ਦੇ ਗ੍ਰੈਂਡ ਮੁਫਤੀ ਏ ਪੀ ਅਬੂਬਕਰ ਮੁਸਲੀਅਰ ਅਤੇ ਯਮਨ ਦੇ ਪ੍ਰਸਿੱਧ ਸੂਫੀ ਵਿਦਵਾਨ ਸ਼ੇਖ ਹਬੀਬ ਉਮਰ ਬਿਨ ਹਾਫਿਜ਼ ਇਸ ਮੁੱਦੇ ’ਤੇ ਚਰਚਾ ਕਰ ਰਹੇ ਹਨ। ਇਸ ਵਿੱਚ ਯਮਨ ਦੀ ਸੁਪਰੀਮ ਕੋਰਟ ਦਾ ਇੱਕ ਜੱਜ ਅਤੇ ਮਿ੍ਰਤਕ ਦਾ ਭਰਾ ਵੀ ਸ਼ਾਮਲ ਹੈ। ਮੁਫਤੀ ਮੁਸਲੀਅਰ ਨੇ ਯਮਨ ਦੇ ਸ਼ੇਖ ਹਬੀਬ ਨੂੰ ਗੱਲਬਾਤ ਲਈ ਮਨਾ ਲਿਆ। ਇਹ ਵੀ ਪਹਿਲੀ ਵਾਰ ਹੈ, ਜਦੋਂ ਪੀੜਤ ਪਰਵਾਰ ਦਾ ਕੋਈ ਨਜ਼ਦੀਕੀ ਮੈਂਬਰ ਗੱਲ ਕਰਨ ਲਈ ਸਹਿਮਤ ਹੋਇਆ ਹੈ। ਇਹ ਗੱਲਬਾਤ ਸ਼ਰੀਆ ਕਾਨੂੰਨ ਦੇ ਤਹਿਤ ਹੋ ਰਹੀ ਹੈ, ਜੋ ਪੀੜਤ ਪਰਵਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਜਾਂ ਬਲੱਡ ਮਨੀ ਦੇ ਬਦਲੇ ਦੋਸ਼ੀ ਨੂੰ ਮੁਆਫ ਕਰਨ ਦਾ ਕਾਨੂੰਨੀ ਅਧਿਕਾਰ ਦਿੰਦਾ ਹੈ।
ਨਿਮਿਸ਼ਾ 2017 ਤੋਂ ਜੇਲ੍ਹ ਵਿੱਚ ਹੈ। ਉਸ ’ਤੇ ਯਮਨੀ ਨਾਗਰਿਕ ਤਲਾਲ ਅਬਦੋ ਮਹਿਦੀ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦਾ ਦੋਸ਼ ਹੈ। ਨਿਮਿਸ਼ਾ ਅਤੇ ਮਹਿਦੀ ਯਮਨ ਦੇ ਇੱਕ ਨਿੱਜੀ ਕਲੀਨਿਕ ਵਿੱਚ ਸਾਥੀ ਸਨ। ਦੋਸ਼ ਹੈ ਕਿ ਮਹਿਦੀ ਨੇ ਨਿਮਿਸ਼ਾ ਦਾ ਪਾਸਪੋਰਟ ਆਪਣੇ ਕੋਲ ਰੱਖਿਆ ਸੀ ਅਤੇ ਉਸ ਨੂੰ ਤਸੀਹੇ ਦਿੱਤੇ ਸਨ। ਜੁਲਾਈ 2017 ਵਿੱਚ ਮਹਿਦੀ ਤੋਂ ਪਾਸਪੋਰਟ ਲੈਣ ਲਈ, ਨਿਮਿਸ਼ਾ ਨੇ ਉਸ ਨੂੰ ਬੇਹੋਸ਼ ਕਰਨ ਲਈ ਇੱਕ ਟੀਕਾ ਲਗਾਇਆ ਅਤੇ ਫਿਰ ਨਿਮਿਸ਼ਾ ਨੇ ਮਹਿਦੀ ਨੂੰ ਓਵਰਡੋਜ਼ ਦੇ ਦਿੱਤੀ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਨਿਮਿਸ਼ਾ ਨੇ ਮਹਿਦੀ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤੇ। ਇਸ ਤੋਂ ਬਾਅਦ ਪੁਲਸ ਨੇ ਨਿਮਿਸ਼ਾ ਨੂੰ ਗਿ੍ਰਫਤਾਰ ਕਰ ਲਿਆ।