ਵਾਡਰਾ ਖਿਲਾਫ ਚਾਰਜਸ਼ੀਟ ਸਿਆਸਤ ਤੋਂ ਪੇ੍ਰਰਤ : ਰਾਹੁਲ

0
166

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਈ ਡੀ ਵੱਲੋਂ ਹਰਿਆਣਾ ਦੇ ਸ਼ਿਕੋਹਪੁਰ ਵਿੱਚ ਜ਼ਮੀਨ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਰੌਬਰਟ ਵਾਡਰਾ ਖਿਲਾਫ ਚਾਰਜਸ਼ੀਟ ਦਾਖਲ ਕੀਤੇ ਜਾਣ ਨੂੰ ਸਿਆਸਤ ਤੋਂ ਪ੍ਰੇਰਤ ਕਾਰਵਾਈ ਕਰਾਰ ਦਿੱਤਾ ਹੈ। ਰਾਹੁਲ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ, ‘‘ਮੇਰੇ ਭਣੋਈਏ ਨੂੰ ਪਿਛਲੇ 10 ਸਾਲਾਂ ਤੋਂ ਇਸ ਸਰਕਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸੱਜਰੀ ਚਾਰਜਸ਼ੀਟ ਉਸੇ ਦੀ ਅਗਲੀ ਕੜੀ ਹੈ। ਮੈਂ ਰੌਬਰਟ, ਪਿ੍ਰਅੰਕਾ ਤੇ ਉਨ੍ਹਾਂ ਦੇ ਬੱਚਿਆਂ ਨਾਲ ਖੜ੍ਹਾ ਹਾਂ, ਕਿਉਂਕਿ ਉਹ ਸਿਆਸਤ ਤੋਂ ਪ੍ਰੇਰਤ ਬਦਨਾਮੀ ਤੇ ਅੱਤਿਆਚਾਰ ਦੇ ਇੱਕ ਹੋਰ ਹਮਲੇ ਦਾ ਸਾਹਮਣਾ ਕਰ ਰਹੇ ਹਨ। ਮੈਂ ਜਾਣਦਾ ਹਾਂ ਕਿ ਉਨ੍ਹਾਂ ਸਾਰਿਆਂ ਕੋਲ ਕਿਸੇ ਵੀ ਤਰ੍ਹਾਂ ਦੇ ਅੱਤਿਆਚਾਰ ਦਾ ਸਾਹਮਣਾ ਕਰਨ ਦੀ ਹਿੰਮਤ ਹੈ ਅਤੇ ਉਹ ਸਨਮਾਨ ਨਾਲ ਅਜਿਹਾ ਕਰਦੇ ਰਹਿਣਗੇ।’’ ਰਾਹੁਲ ਗਾਂਧੀ ਨੇ ਕਿਹਾ ਕਿ ਸੱਚਾਈ ਦੀ ਅੰਤ ਵਿੱਚ ਜਿੱਤ ਹੋਵੇਗੀ।