ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ’ਚ ਸ਼ੁੱਕਰਵਾਰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ’ਤੇ ਛਾਪੇ ਮਾਰੇ। ਚੰਡੀਗੜ੍ਹ ਦੇ ਡਾ. ਅਮਿਤ ਬਾਂਸਲ ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ ’ਚ ਕਰੀਬ 22 ਨਿੱਜੀ ਨਸ਼ਾ ਛੁਡਾਊ ਕੇਂਦਰ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਕੇਂਦਰਾਂ ਨਾਲ ਮਨੀ ਲਾਂਡਰਿੰਗ ਦਾ ਮਾਮਲਾ ਜੁੜਿਆ ਹੋਇਆ ਹੈ। ਵਿਜੀਲੈਂਸ ਬਿਊਰੋ ਨੇ ਜਨਵਰੀ ਮਹੀਨੇ ’ਚ ਡਾ. ਅਮਿਤ ਬਾਂਸਲ ਦੇ ਕਰੀਬ 22 ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਕੀਤੀ ਸੀ ਅਤੇ ਕਰੀਬ 31 ਹਜ਼ਾਰ ਗੋਲੀਆਂ ਦੀ ਗੈਰਕਾਨੂੰਨੀ ਵਿਕਰੀ ਫੜੀ ਸੀ। ਪੰਜਾਬ ਸਰਕਾਰ ਨੇ 13 ਜਨਵਰੀ ਨੂੰ ਇਹ ਸਾਰੇ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਸਨ। ਈ ਡੀ ਨੇ ਨਸ਼ਾ ਛੁਡਾਊ ਕੇਂਦਰਾਂ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਵਜੋਂ ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ ਅਤੇ ਬਰਨਾਲਾ ਵਿੱਚ ਵੀ ਛਾਪੇ ਮਾਰੇ ਹਨ। ਉਸ ਨੇ ਮੁੰਬਈ ਵਿੱਚ ਵੀ ਅਜਿਹੇ ਛਾਪੇ ਮਾਰੇ ਹਨ। ਪਟਿਆਲਾ ਪੁਲਸ ਵੱਲੋਂ ਵੀ 16 ਅਪਰੈਲ ਨੂੰ ਡਾ. ਅਮਿਤ ਬਾਂਸਲ ’ਤੇ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਈ ਡੀ ਇਨ੍ਹਾਂ ਨਿੱਜੀ ਕੇਂਦਰਾਂ ਵੱਲੋਂ ਮਰੀਜ਼ਾਂ ਲਈ ਆਈ ਦਵਾਈ ਨੂੰ ਬਾਜ਼ਾਰ ਵਿੱਚ ਵੇਚ ਕੇ ਕਾਲੀ ਕਮਾਈ ਕੀਤੇ ਜਾਣ ਦੀ ਜਾਂਚ ਕਰ ਰਹੀ ਹੈ। ਈ ਡੀ ਨੇ ਵਿਜੀਲੈਂਸ ਤੋਂ ਇਸ ਕੇਸ ਨਾਲ ਸੰਬੰਧਤ ਸਾਰਾ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਹੈ। ਪੰਜਾਬ ਵਿੱਚ 177 ਨਿੱਜੀ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ ਅਤੇ ਇਨ੍ਹਾਂ ’ਚੋਂ 117 ਕੇਂਦਰਾਂ ਨੂੰ ਤਾਂ ਸਿਰਫ 10 ਸੰਸਥਾਵਾਂ ਹੀ ਚਲਾ ਰਹੀਆਂ ਹਨ। ਦੋ ਅਜਿਹੀਆਂ ਸੰਸਥਾਵਾਂ ਵੀ ਹਨ, ਜੋ 20-20 ਕੇਂਦਰ ਚਲਾ ਰਹੀਆਂ ਹਨ।


