ਚੰਡੀਗੜ੍ਹ ਦੀ ਪੁਰਾਣੀ ਫਰਨੀਚਰ ਮਾਰਕੀਟ ਕਰ’ਤੀ ਪੱਧਰੀ

0
74

ਚੰਡੀਗੜ੍ਹ : ਇੱਥੇ ਸੈਕਟਰ 53 ਅਤੇ 54 ਵਾਲੀ ਸੜਕ ’ਤੇ ਸਥਿਤ ਪੁਰਾਣੀ ਫਰਨੀਚਰ ਮਾਰਕੀਟ ਨੂੰ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਢਾਹ ਦਿੱਤਾ। ਪ੍ਰਸ਼ਾਸਨ ਨੇ 15 ਏਕੜ ’ਤੇ ਬਣੀਆਂ 116 ਦੁਕਾਨਾਂ ਨੂੰ ਢਾਹਿਆ। ਕੁਝ ਦੁਕਾਨਦਾਰਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਉਨ੍ਹਾਂ ਨੂੰ ਪਾਸੇ ਕਰਕੇ ਬੁਲਡੋਜ਼ਰ ਚਲਾ ਦਿੱਤਾ। ਦੁਕਾਨਾਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੀਆਂ ਅੱਖਾਂ ਭਰ ਆਈਆਂ।
ਯੂ ਟੀ ਪ੍ਰਸ਼ਾਸਨ ਨੇ ਸੈਕਟਰ 52, 53, 54 ਨੂੰ ਵਿਕਸਤ ਕਰਨ ਲਈ ਸਾਲ 2002 ਵਿੱਚ 227 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇਸ ਦੌਰਾਨ ਜ਼ਮੀਨ ਦੇ ਅਸਲ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇ ਦਿੱਤਾ ਗਿਆ ਸੀ। ਇਸ ਦੇ ਬਾਵਜੂਦ 15 ਏਕੜ ਜ਼ਮੀਨ ਉੱਤੇ ਇਹ ਦੁਕਾਨਾਂ ਹਟਾਈਆਂ ਨਹੀਂ ਗਈਆਂ ਸਨ, ਜਿਨ੍ਹਾਂ ਨੂੰ ਯੂ ਟੀ ਪ੍ਰਸ਼ਾਸਨ ਨੇ ਨੋਟਿਸ ਜਾਰੀ ਕੀਤੇ ਸਨ। ਇਸ ਤੋਂ ਬਾਅਦ ਪਿਛਲੇ ਸਾਲ 30 ਜੂਨ ਨੂੰ 29 ਦੁਕਾਨਾਂ ਨੂੰ ਢਾਹ ਦਿੱਤਾ ਸੀ ਅਤੇ ਬਾਕੀ ਰਹਿੰਦੀਆਂ 116 ਦੁਕਾਨਾਂ ਉੱਤੇ ਹੁਣ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਫਰਨੀਚਰ ਮਾਰਕੀਟ ਚੰਡੀਗੜ੍ਹ ਅਤੇ ਮੁਹਾਲੀ ਨੂੰ ਜੋੜਨ ਵਾਲੀ ਇੱਕ ਮੁੱਖ ਸੜਕ ’ਤੇ ਸਥਿਤ ਸੀ ਤੇ ਇਸ ਮਾਰਕੀਟ ਵਿੱਚ ਕਾਰਾਂ ਦੀ ਪਾਰਕਿੰਗ ਅਤੇ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਆ ਰਹੀ ਸੀ।