ਧੂਰੀ (ਸੰਗਰੂਰ), (ਮੋਹਿਤ ਗਰਗ/
ਬਿੰਨੀ ਗਰਗ)
ਨੌਜਵਾਨਾਂ ਵਿੱਚ ਪੜ੍ਹਨ ਦੀਆਂ ਰੁਚੀਆਂ ਪੈਦਾ ਕਰਨ ਲਈ ਮਿਸ਼ਨ ਗਿਆਨ ਜਾਰੀ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਨਵੀਂ ਬਣੀ ਜਨਤਕ ਲਾਇਬ੍ਰੇਰੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਉਹ 1.59 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਨਵੀਂ ਜਨਤਕ ਲਾਇਬ੍ਰੇਰੀ ਦਾ ਉਦਘਾਟਨ ਕਰਨ ਲਈ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾ ਕਿਹਾ ਕਿ ਇਸ ਦੋ ਮੰਜ਼ਲਾ ਇਮਾਰਤ ਦਾ ਖੇਤਰ 3,710 ਵਰਗ ਫੁੱਟ ਹੈ ਅਤੇ ਇਹ ਵਾਈ-ਫਾਈ, ਸੂਰਜੀ ਊਰਜਾ, ਡਿਜੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਹੈ। ਉਨ੍ਹਾ ਕਿਹਾ ਕਿ ਇਹ ਪਹਿਲਕਦਮੀ ਪੇਂਡੂ ਖੇਤਰਾਂ ਵਿੱਚ ਸਿੱਖਿਆ, ਸਾਖਰਤਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਤ ਕਰਨ ਵੱਲ ਵੱਡਾ ਕਦਮ ਹੈ।ਉਨ੍ਹਾ ਕਿਹਾ ਕਿ ਇਹ ਲਾਇਬ੍ਰੇਰੀਆਂ ਕਮਿਊਨਿਟੀ ਹੱਬ ਵਜੋਂ ਕੰਮ ਕਰਦੀਆਂ ਹਨ, ਜਿੱਥੇ ਸਿੱਖਣ, ਸੰਵਾਦ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਲਈ ਅਨੁਕੂਲ ਵਾਤਾਵਰਣ ਮੁਹੱਈਆ ਕੀਤਾ ਜਾਂਦਾ ਹੈ। ਮਾਨ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਇਹ ਲਾਇਬ੍ਰੇਰੀਆਂ, ਵਿਦਿਅਕ ਸਰੋਤਾਂ ਤੱਕ ਪਹੁੰਚ ਵਿਚਲੇ ਪਾੜੇ ਨੂੰ ਦੂਰ ਕਰਦੀਆਂ ਹਨ ਅਤੇ ਇਹ ਯਕੀਨੀ ਬਣਾਉਦੀਆਂ ਹਨ ਕਿ ਹਰ ਕਿਸੇ ਨੂੰ ਸਿੱਖਣ ਤੇ ਅੱਗੇ ਵਧਣ ਦਾ ਮੌਕਾ ਮਿਲੇ।





