ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਮਨਾ ਲਿਆ

0
140

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਵਿਧਾਨ ਸਭਾ ਹਲਕਾ ਖਰੜ ਤੋਂ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਦੇ ਵਿਧਾਇਕ ਵਜੋਂ ਅਸਤੀਫੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਇਹ ਪ੍ਰਗਟਾਵਾ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕਰਨ ਉਪਰੰਤ ਕੀਤਾ। ਅਰੋੜਾ ਨੇ ਮੁਲਾਕਾਤ ਤੋਂ ਬਾਅਦ ਆਪਣੇ ‘ਐੱਕਸ’ ਅਕਾਊਂਟ ’ਤੇ ਲਿਖਿਆ, ‘ਅੱਜ ਅਨਮੋਲ ਗਗਨ ਮਾਨ ਨਾਲ ਪਰਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ। ਵਿਧਾਇਕ ਵਜੋਂ ਉਨ੍ਹਾ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ, ਜਿਸ ਨੂੰ ਉਨ੍ਹਾ ਸਵੀਕਾਰ ਕਰ ਲਿਆ ਹੈ। ਉਹ ਪਾਰਟੀ ਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ।’ ਅਰੋੜਾ ਨੇ ਕਿਹਾ ਕਿ ਅਨਮੋਲ ਗਗਨ ਮਾਨ ਅਰਵਿੰਦ ਕੇਜਰੀਵਾਲ ਤੇ ‘ਆਪ’ ਦੇ ਪਰਵਾਰ ਦਾ ਹਿੱਸਾ ਹਨ ਅਤੇ ਭਵਿੱਖ ਵਿੱਚ ਵੀ ਪਰਵਾਰ ਨਾਲ ਬਣੇ ਰਹਿਣਗੇ। ਅਨਮੋਲ ਗਗਨ ਮਾਨ ਨੇ ਸਨਿੱਚਰਵਾਰ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਦੇਣ ਬਾਰੇ ਕਾਰਨ ਕੁਝ ਵੀ ਨਹੀਂ ਦੱਸਿਆ ਸੀ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਕਈ ਵਾਰ ਕੋਈ ਜਜ਼ਬਾਤੀ ਹੋ ਕੇ ਫੈਸਲਾ ਲੈ ਲੈਂਦਾ ਹੈ! ਅਨਮੋਲ ਇੱਕ ਜੋਸ਼ੀਲੀ ਨੇਤਾ ਹੈ ਅਤੇ ਅਜਿਹੇ ਪਲ ਆਉਂਦੇ ਰਹਿੰਦੇ ਹਨ। ਪਾਰਟੀ ਨੌਜਵਾਨਾਂ ਵਿੱਚ ਸੰਭਾਵਨਾ ਦੇਖਦੀ ਹੈ ਅਤੇ ਉਨ੍ਹਾਂ ਨੂੰ ਸਿਆਸਤ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਅਨਮੋਲ ਗਗਨ ਮਾਨ ਕੈਬਨਿਟ ਦਾ ਇੱਕ ਮਹੱਤਵਪੂਰਨ ਹਿੱਸਾ ਰਹੇ ਹਨ ਅਤੇ ਪਾਰਟੀ ਨਾਲ ਕੰਮ ਕਰਦੇ ਰਹਿਣਗੇ। ਆਮ ਆਦਮੀ ਪਾਰਟੀ ਇੱਕਜੁੱਟ ਹੈ ਅਤੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ।’
ਉਧਰ, ਅਨਮੋਲ ਗਗਨ ਮਾਨ ਨੇ ਅਸਤੀਫਾ ਵਾਪਸ ਲੈਣ ਦੀ ਪੁਸ਼ਟੀ ਕਰਦਿਆਂ ਫੇਸਬੁਕ ’ਤੇ ਪੋਸਟ ਪਾ ਕੇ ਕਿਹਾ ਕਿ ਉਨ੍ਹਾ ਨੂੰ ਪਾਰਟੀ ਦਾ ਫੈਸਲਾ ਸਿਰ-ਮੱਥੇ ਕਬੂਲ ਹੈ।