ਜ਼ਿਲ੍ਹਾ ਕੌਂਸਲ ਵੱਲੋਂ ਪਾਰਟੀ ਕਾਂਗਰਸ ਲਈ 60 ਹਜ਼ਾਰ ਰੁਪਏ ਭੇਟ
ਜਲੰਧਰ (ਗਿਆਨ ਸੈਦਪੁਰੀ)
ਪੂਰੇ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਦੇ ਆਧਾਰ ’ਤੇ ਬਣੇ ‘ਇੰਡੀਆ’ ਗੱਠਜੋੜ ਨੂੰ ਮਜ਼ਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਇੱਥੇ ਪਾਰਟੀ ਦਫਤਰ ਵਿਖੇ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾ ਦੇਸ਼ ਦੇ ਸਿਆਸੀ ਹਾਲਾਤ ਬਾਰੇ ਬੋਲਦਿਆਂ ਕਿਹਾ ਕਿ ਇਸ ਵੇਲੇ ਆਰ ਐੱਸ ਐੱਸ ਦੁਆਰਾ ਨਿਰਦੇਸ਼ਤ ਭਾਜਪਾ ਇੱਕ ਹੀ ‘ਧਰਮ’ ਨਿਭਾਉਣ ਦੇ ਰਾਹ ਪਈ ਹੋਈ ਹੈ ਕਿ ਅਡਾਨੀਆਂ, ਅੰਬਾਨੀਆ ਦੀਆਂ ਤਜੌਰੀਆਂ ਭਰ ਕੇ ਉਹਨਾਂ ਨੂੰ ਤਕੜੇ ਕੀਤਾ ਜਾਵੇ। ਅਜਿਹੀ ਸਥਿਤੀ ਵਿੱਚ ਖੱਬੀਆਂ ਤੇ ਧਰਮ ਨਿਰਪੱਖ ਤਾਕਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਭਾਜਪਾ ਵੱਖ-ਵੱਖ ਧਰਮਾਂ ਅੰਦਰ ਫਿਰਕੂ ਜ਼ਹਿਰ ਘੋਲ ਕੇ ਦੇਸ਼ ਨੂੰ ਖਾਨਾਜੰਗੀ ਵੱਲ ਤੋਰ ਸਕਦੀ ਹੈ।
ਬਿਹਾਰ ਵਿੱਚ ਨੇੜ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜਿੱਤਣ ਲਈ ਭਾਜਪਾ ਹਰ ਹਰਬਾ ਵਰਤ ਰਹੀ ਹੈ। ਇਸ ਸਿਲਸਿਲੇ ਵਿੱਚ ਨਵੀਂ ਨੀਤੀ ਤਹਿਤ ਕਰੋੜਾਂ ਬਿਹਾਰੀਆਂ ਨੂੰ ਵੋਟ ਪਾਉਣ ਤੋਂ ਵੰਚਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਕਮਿਊਨਿਸਟ ਆਗੂ ਨੇ ਕਿਹਾ ਕਿ ਮੁਲਕ ਵਿੱਚ ਕਾਂਗਰਸ ਪਾਰਟੀ ਦਾ ਖੇਤਰ ਵਿਸ਼ਾਲ ਹੈ, ਪਰ ਉਸ ਦੇ ਅੰਦਰ ਵੀ ਸਭ ਅੱਛਾ ਨਹੀਂ। ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਖੁਦ ਇਹ ਗੱਲ ਮੰਨ ਚੁੱਕੇ ਹਨ ਕਿ ਕਾਂਗਰਸ ਪਾਰਟੀ ਅੰਦਰ ਇੱਕ ‘ਭਾਜਪਾਈ ਕਾਂਗਰਸ’ ਵੀ ਹੈ। ਸਮਾਂ ਮੰਗ ਕਰਦਾ ਹੈ ਕਿ ਕਾਂਗਰਸ ਆਪਣੇ ਅੰਦਰ ਦੇ ਨੁਕਸ ਦੂਰ ਕਰੇ ਤੇ ‘ਇੰਡੀਆ’ ਗੱਠਜੋੜ ਦੀ ਮਜ਼ਬੂਤੀ ਲਈ ਸੰਜੀਦਗੀ ਨਾਲ ਜ਼ਿੰਮੇਵਾਰੀ ਨਿਭਾਵੇ।ਉਹਨਾ ਸਿਆਸੀ ਜਿੱਤ ਵੱਲ ਵਧਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਤੇ ਜਿੱਤੇ ਗਏ ਕਿਸਾਨੀ ਅੰਦੋਲਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਤਾ ਵਿਰੋਧੀ ਸਾਰੀਆਂ ਪਾਰਟੀਆਂ ਨੇ ਆਪਸੀ ਕਰੰਗੜੀਆਂ ਪਾ ਕੇ ਇਤਿਹਾਸ ਸਿਰਜਿਆ ਗਿਆ ਸੀ।
ਕਾਮਰੇਡ ਬਰਾੜ ਨੇ ਅਰਵਿੰਦ ਕੇਜਰੀਵਾਲ ਨੂੰ ਕੁਰੱਪਟ ਆਗੂ ਦੱਸਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਸ ਨੂੰ ਰੱਦ ਕਰ ਦਿੱਤਾ ਹੈ। ਉਹ ਹੁਣ ਸੱਤਾ ਦੀ ਭੁੱਖ ਪੰਜਾਬ ਵਿੱਚੋਂ ਪੂਰੀ ਕਰਨ ਦੇ ਰਾਹ ਪਿਆ ਹੋਇਆ ਹੈ। ਦਿੱਲੀ ਵਾਲਿਆਂ ਨੂੰ ਪੰਜਾਬ ਦੀਆਂ ਵੱਡੀਆਂ ਪਦਵੀਆਂ ਸੌਂਪ ਕੇ ਪੰਜਾਬੀਆਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ।
21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਦੀ ਗੱਲ ਕਰਦਿਆਂ ਸੂਬਾ ਸਕੱਤਰ ਨੇ ਕਿਹਾ ਕਿ ਇਸ ਮੌਕੇ ਮੋਹਾਲੀ ਵਿੱਚ ਹੋਣ ਵਾਲੀ ਰੈਲੀ ਨੂੰ ਇਤਿਹਾਸਕ ਬਣਾਉਣਾ ਕਮਿਊਨਿਸਟ ਕਾਰਕੁਨਾਂ ਦੇ ਜ਼ਿਹਨ ਦਾ ਹਿੱਸਾ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਮਹਾਂਸੰਮੇਲਨ ਦੀ ਤਿਆਰੀ ਦੇ ਹਿੱਸੇ ਵਜੋਂ ਪੰਜਾਬ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਪੰਜ ਸੈਮੀਨਾਰ ਕਰਵਾਏ ਜਾ ਰਹੇ ਹਨ। ਉਹਨਾ ਜਥਾ ਮਾਰਚਾਂ ਦੀ ਵਿਉਂਤਬੰਦੀ ਬਾਰੇ ਵੀ ਜ਼ਿਲ੍ਹਾ ਕੌਂਸਲ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਸੂਬਾ ਸਕੱਤਰ ਨੂੰ ਜ਼ਿਲ੍ਹਾ ਕੌਂਸਲ ਵੱਲੋਂ 60 ਹਜ਼ਾਰ ਰੁਪਏ ਫੰਡ ਭੇਟ ਕੀਤਾ ਗਿਆ। ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ, ਸਹਾਇਕ ਜ਼ਿਲਾ ਸਕੱਤਰ ਹਰਜਿੰਦਰ ਸਿੰਘ ਮੌਜੀ, ਸੰਤੋਸ਼ ਬਰਾੜ ਤੇ ਤਰਸੇਮ ਜੰਡਿਆਲਾ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਮਹਿੰਦਰਪਾਲ ਮੁਹਾਲੀ, ਵੀਰ ਕੁਮਾਰ, ਸਿਕੰਦਰ ਸੰਧੂ, ਪਰਵਿੰਦਰ ਫਲਪੋਤਾ, ਜਸਵਿੰਦਰ ਜੰਡਿਆਲਾ ਆਦਿ ਸ਼ਾਮਲ ਸਨ। ਪ੍ਰਧਾਨਗੀ ਮਹਿੰਦਰ ਘੋੜਾਬਾਹੀ ਨੇ ਕੀਤੀ।





