ਨਵੀਂ ਦਿੱਲੀ : ਪ੍ਰਧਾਨ ਮੰਤਰੀ ਨੇ ਲੋਕ ਸਭਾ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਕਿਸੇ ਵੀ ਦੇਸ਼ ਦੇ ਆਗੂ ਨੇ ਭਾਰਤ ਨੂੰ ਪਾਕਿਸਤਾਨ ਖਿਲਾਫ ਜੰਗ ਰੋਕਣ ਲਈ ਨਹੀਂ ਕਿਹਾ। ਮੋਦੀ ਨੇ ਕਿਹਾ, ‘9 ਮਈ ਦੀ ਰਾਤ ਨੂੰ ਅਮਰੀਕੀ ਉਪ ਰਾਸ਼ਟਰਪਤੀ ਨੇ ਮੇਰੇ ਨਾਲ 3-4 ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਥਿਆਰਬੰਦ ਬਲਾਂ ਨਾਲ ਮੀਟਿੰਗਾਂ ਵਿੱਚ ਰੁੱਝਿਆ ਹੋਇਆ ਸੀ। ਜਦੋਂ ਮੈਂ ਉਨ੍ਹਾ ਨੂੰ ਮੋੜਵੀਂ ਕਾਲ ਕੀਤੀ ਤਾਂ ਅਮਰੀਕੀ ਉਪ ਰਾਸ਼ਟਰਪਤੀ ਨੇ ਮੈਨੂੰ ਪਾਕਿਸਤਾਨ ਤੋਂ ਵੱਡੇ ਹਮਲੇ ਦੀ ਚੇਤਾਵਨੀ ਦਿੱਤੀ। ਮੈਂ ਅਮਰੀਕੀ ਉਪ-ਰਾਸ਼ਟਰਪਤੀ ਨੂੰ ਦੱਸਿਆ ਕਿ ਜੇ ਪਾਕਿਸਤਾਨ ਭਾਰਤ ’ਤੇ ਹਮਲਾ ਕਰਦਾ ਹੈ, ਤਾਂ ਸਾਡਾ ਹਮਲਾ ਬਹੁਤ ਵੱਡਾ ਹੋਵੇਗਾ, ਕਿਉਂਕਿ ਅਸੀਂ ਗੋਲੀਆਂ ਦਾ ਜਵਾਬ ਤੋਪਾਂ ਨਾਲ ਦੇਵਾਂਗੇ।’
ਉਨ੍ਹਾ ਕਿਹਾ ਕਿ ਭਾਰਤ ਆਤਮ-ਨਿਰਭਰ ਹੋ ਰਿਹਾ ਹੈ, ਪਰ ਕਾਂਗਰਸ ਹੁਣ ਮੁੱਦਿਆਂ ਲਈ ਪਾਕਿਸਤਾਨ ’ਤੇ ਨਿਰਭਰ ਹੈ। ਕਾਂਗਰਸ ਨੂੰ ਆਪਣੇ ਮੁੱਦੇ ਪਾਕਿਸਤਾਨ ਤੋਂ ਦਰਾਮਦ ਕਰਨੇ ਪੈਣਗੇ। ਕਾਂਗਰਸ ਅਤੇ ਇਸ ਦੇ ਸਹਿਯੋਗੀ ਬਦਕਿਸਮਤੀ ਨਾਲ ਪਾਕਿਸਤਾਨੀ ਪ੍ਰਚਾਰ ਦੇ ਬੁਲਾਰੇ ਬਣ ਗਏ ਹਨ।
ਮੋਦੀ ਨੇ ਕਿਹਾ ਕਿ ਭਾਰਤ ਦੀਆਂ ਮਿਜ਼ਾਈਲਾਂ ਤੇ ਡਰੋਨਾਂ ਨੇ ਬੇਹਿਸਾਬਾ ਨੁਕਸਾਨ ਪਹੁੰਚਾਇਆ ਤਾਂ ਪਾਕਿਸਤਾਨ ਗੋਡੇ ਟੇਕਣ ਲਈ ਮਜਬੂਰ ਹੋ ਗਿਆ। ਭਾਰੀ ਨੁਕਸਾਨ ਝੱਲਣ ਤੋਂ ਬਾਅਦ ਪਾਕਿ ਡੀ ਜੀ ਐੱਮ ਓ ਬੇਨਤੀ ਕਰਦੇ ਹੋਏ ਆਏ ‘ਸਾਨੂੰ ਹੋਰ ਨਾ ਮਾਰੋ, ਅਸੀਂ ਹੋਰ ਜ਼ਿਆਦਾ ਦੁੱਖ ਨਹੀਂ ਝੱਲ ਸਕਦੇ।’
ਮੋਦੀ ਨੇ ਕਿਹਾ ਕਿ ‘ਅਪ੍ਰੇਸ਼ਨ ਸਿੰਧੂਰ’ ਨੂੰ ਪੂਰੀ ਦੁਨੀਆ ਦਾ ਸਮਰਥਨ ਮਿਲਿਆ, ਪਰ ਇਹ ਬਦਕਿਸਮਤੀ ਹੈ ਕਿ ਕਾਂਗਰਸ ਨੇ ਸਾਡੇ ਸੈਨਿਕਾਂ ਦੀ ਬਹਾਦਰੀ ਦਾ ਸਮਰਥਨ ਨਹੀਂ ਕੀਤਾ। ਕਾਂਗਰਸੀ ਆਗੂਆਂ ਨੇ ਸਿਆਸੀ ਲਾਭ ਲਈ ਮੈਨੂੰ ਨਿਸ਼ਾਨਾ ਬਣਾਇਆ, ਪਰ ਉਨ੍ਹਾਂ ਦੇ ਬੇਤੁਕੇ ਬਿਆਨਾਂ ਨੇ ਸਾਡੇ ਬਹਾਦਰ ਸੈਨਿਕਾਂ ਨੂੰ ਨਿਰਾਸ਼ ਕਰ ਦਿੱਤਾ।




