ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਹਿਲੀ ਅਗਸਤ ਤੋਂ ਭਾਰਤੀ ਮਾਲ ‘ਤੇ 25 ਫੀਸਦੀ ਟੈਰਿਫ ਲਾਗੂ ਕਰਨ ਤੋਂ ਇਲਾਵਾ ਰੂਸ ਤੋਂ ਤੇਲ ਖਰੀਦਣ ‘ਤੇ ਜੁਰਮਾਨਾ ਲਾਉਣ ਦਾ ਐਲਾਨ ਚਾਣਚੱਕ ਚੁੱਕਿਆ ਕਦਮ ਨਹੀਂ, ਸਗੋਂ ਉਸ ਰਣਨੀਤੀ ਦਾ ਹਿੱਸਾ ਹੈ, ਜਿਸ ਤਹਿਤ ਅਮਰੀਕਾ ਵਿਕਾਸਸ਼ੀਲ ਦੇਸ਼ਾਂ ਵਿੱਚ ਅੰਤਰ-ਵਿਰੋਧ ਨੂੰ ਹਵਾ ਦੇ ਕੇ ਉਨ੍ਹਾਂ ਨੂੰ ਆਪਣੀਆਂ ਹੀ ਨੀਤੀਆਂ ਦੇ ਖਿਲਾਫ ਖੜ੍ਹਾ ਕਰਨਾ ਚਾਹੁੰਦਾ ਹੈ | ਚੀਨ ਪਹਿਲਾਂ ਹੀ ਸਮਝ ਚੁੱਕਾ ਹੈ ਕਿ ਅਮਰੀਕਾ ਦੀ ਅਸਲੀ ਖੇਡ ਭਾਰਤ ਬਨਾਮ ਚੀਨ ਨਹੀਂ, ਸਗੋਂ ਭਾਰਤ ਬਨਾਮ ਭਾਰਤ ਕਰਨ ਦੀ ਹੈ, ਯਾਨਿ ਭਾਰਤ ਨੂੰ ਖੁਦ ਉਸ ਦੀਆਂ ਸਮਾਜੀ-ਆਰਥਕ ਖਾਮੀਆਂ ਤੇ ਨੀਤੀਗਤ ਭਰਮਾਂ ਵਿੱਚ ਉਲਝਾ ਕੇ ਰੱਖਣਾ | ਚੀਨ ਸਮਝਦਾ ਹੈ ਕਿ ਅਮਰੀਕਾ ਕਿਸੇ ਦੇਸ਼ ਨੂੰ ਜੰਗ ਵਿੱਚ ਨਹੀਂ, ਸਗੋਂ ਸਮਾਜੀ ਤੇ ਆਰਥਕ ਤਣਾਵਾਂ ਰਾਹੀਂ ਹਰਾਉਂਦਾ ਹੈ | ਇਹੀ ਕਾਰਨ ਹੈ ਕਿ ਉਹ ਘਰੇਲੂ ਬਾਜ਼ਾਰ ਨੂੰ ਕੰਟਰੋਲ ਕਰਨ, ਨੀਤੀਗਤ ਸਪੱਸ਼ਟਤਾ ਰੱਖਣ ਤੇ ਟੈਕਨਾਲੋਜੀ ਨੂੰ ਆਤਮ-ਨਿਰਭਰਤਾ ਦਾ ਔਜ਼ਾਰ ਬਣਾਉਣ ‘ਤੇ ਜ਼ੋਰ ਦਿੰਦਾ ਆ ਰਿਹਾ ਹੈ | ਦੂਜੇ ਪਾਸੇ ਭਾਰਤ ਦੀਆਂ ਨੀਤੀਆਂ ਵਾਰ-ਵਾਰ ਬਦਲਦੀਆਂ ਹਨ, ਕੇਂਦਰ ਤੇ ਰਾਜ ਵੱਖ-ਵੱਖ ਦਿਸ਼ਾ ਵਿੱਚ ਚਲਦੇ ਹਨ ਅਤੇ ਨਿੱਜੀ ਲਾਬੀਆਂ ਨੀਤੀ ਨਿਰਧਾਰਨ ਨੂੰ ਪ੍ਰਭਾਵਤ ਕਰਦੀਆਂ ਹਨ | ਅਜਿਹੇ ਵਿੱਚ ਅਮਰੀਕਾ ਦਾ ਟੈਰਿਫ ਤਾਂ ਬਾਹਰੀ ਚੀਜ਼ ਹੈ, ਅਸਲ ਲੜਾਈ ਭਾਰਤ ਨੂੰ ਅੰਦਰੋਂ ਅਸਥਿਰ ਕਰਕੇ ਉਸ ਦੀ ਨੀਤੀ-ਆਜ਼ਾਦੀ ਨੂੰ ਕਮਜ਼ੋਰ ਕਰਨ ਦੀ ਹੈ | ਭਾਰਤ ਟਰੰਪ ਦੇ ਟੈਰਿਫ ਦਾ ਮੁਕਾਬਲਾ ਤਾਂ ਹੀ ਕਰ ਸਕਦਾ ਹੈ, ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਨੂੰ ਜੱਫੀਆਂ ਪਾਉਣ ਦੀ ਥਾਂ ਚੀਨ ਤੋਂ ਸਬਕ ਲੈਣ | ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਵਪਾਰ ਯੁੱਧ ਦੀ ਸ਼ੁਰੂਆਤ ਕਰਦਿਆਂ ਚੀਨ ‘ਤੇ 145 ਫੀਸਦੀ ਤੱਕ ਟੈਰਿਫ ਦਾ ਐਲਾਨ ਕਰ ਦਿੱਤਾ ਸੀ, ਪਰ ਚੀਨ ਵੱਲੋਂ ਉਸ ਨੂੰ ਦੁਰਲੱਭ ਖਣਿਜਾਂ ਦੀ ਬਰਾਮਦ ‘ਤੇ ਰੋਕ ਲਾਉਣ ਨੇ ਉਸ ਨੂੰ ਹਿਲਾ ਦਿੱਤਾ, ਕਿਉਂਕਿ ਟਰੰਪ ਕੋਲ ਲੰਮੀ ਮਿਆਦ ਦੇ ਸੰਘਰਸ਼ ਦੀ ਤਿਆਰੀ ਨਹੀਂ ਸੀ | ਇਸ ਦੇ ਬਾਅਦ ਅਮਰੀਕਾ ਨੇ ਚੀਨ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਵਪਾਰਕ ਪਾਬੰਦੀਆਂ ਨੂੰ ਰੋੋਕਣ ‘ਤੇ ਸਹਿਮਤ ਹੋ ਗਿਆ | ਉਸ ਤੋਂ ਬਾਅਦ ਟਰੰਪ ਨੇ ਚੀਨ ਖਿਲਾਫ ਕੋਈ ਧਮਕੀ ਨਹੀਂ ਦਿੱਤੀ |
ਅਮਰੀਕੀਆਂ ਵੱਲੋਂ ਪਾਬੰਦੀਆਂ ਨੂੰ ਵਪਾਰਕ ਸੌਦਿਆਂ ਵਿੱਚ ਬਦਲਣ ਦੀ ਇਹ ਪ੍ਰਵਿਰਤੀ ਲੰਮੇ ਸਮੇਂ ਤੋਂ ਚਲੀ ਆ ਰਹੀ ਰਣਨੀਤਕ ਸਥਿਰਤਾ ਨੂੰ ਤੋੜ ਰਹੀ ਹੈ | ਕਾਰਟਰ ਪ੍ਰਸ਼ਾਸਨ ਦੇ ਬਾਅਦ ਇਹ ਸਪੱਸ਼ਟ ਨੀਤੀ ਸੀ ਕਿ ਕੌਮੀ ਸੁਰੱਖਿਆ ਨਾਲ ਜੁੜੇ ਤਕਨੀਕੀ ਕੰਟਰੋਲ ਕਿਸੇ ਵਪਾਰਕ ਸਮਝੌਤੇ ਦਾ ਹਿੱਸਾ ਨਹੀਂ ਬਣਨਗੇ, ਪਰ ਟਰੰਪ ਖੁੱਲ੍ਹੇਆਮ ਇਨ੍ਹਾਂ ਨੂੰ ਸੌਦੇਬਾਜ਼ੀ ਲਈ ਵਰਤ ਰਿਹਾ ਹੈ | ਇਹ ਨਾ ਸਿਰਫ ਵਿਸ਼ਵ ਵਿਵਸਥਾ ਵਿੱਚ ਅਮਰੀਕਾ ਦੀ ਭੂਮਿਕਾ ਨੂੰ ਕਮਜ਼ੋਰ ਕਰਦਾ ਹੈ, ਸਗੋਂ ਆਉਣ ਵਾਲੇ ਸਮੇਂ ਵਿੱਚ ਹੋਰ ਦੇਸ਼ ਵੀ ਇਨ੍ਹਾਂ ਕੰਟਰੋਲਾਂ ਨੂੰ ਗੰਭੀਰਤਾ ਨਾਲ ਲੈਣਾ ਬੰਦ ਕਰ ਸਕਦੇ ਹਨ | ਚੀਨ ਹੀ ਨਹੀਂ, ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ਨੇ ਵੀ ਟਰੰਪ ਦੀਆਂ ਧਮਕੀਆਂ ਦੀ ਪਰਵਾਹ ਨਹੀਂ ਕੀਤੀ | ਸਭ ਤੋਂ ਵੱਧ ਟੈਰਿਫ ਲਾਏ ਜਾਣ ਦੇ ਬਾਵਜੂਦ ਉਹ ਉਸ ਦੀਆਂ ਸ਼ਰਤਾਂ ਅੱਗੇ ਝੁਕਣ ਲਈ ਤਿਆਰ ਨਹੀਂ ਹੋਏ | ਇਸ ਵਿਸ਼ਵ ਵਿਵਸਥਾ ਵਿੱਚ ਜਿਹੜੇ ਦੇਸ਼ ਆਪਣੀ ਸੋਚ ‘ਤੇ ਦਿ੍ੜ੍ਹ ਰਹਿਣਗੇ, ਉਹ ਸਫਲ ਹੋਣਗੇ | ਭਾਰਤ ਨੂੰ ਅਮਰੀਕਾ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਹ ਆਪਣੇ ਕਿਸਾਨਾਂ ਤੇ ਛੋਟੇ ਕਾਰਖਾਨੇਦਾਰਾਂ ਦੀ ਕੀਮਤ ‘ਤੇ ਉਸ ਨਾਲ ਵਪਾਰ ਸਮਝੌਤਾ ਕਤਈ ਨਹੀਂ ਕਰੇਗਾ | ਮੋਦੀ ਦਾ ਕਾਰਪੋਰੇਟ ਪ੍ਰੇਮ ਭਾਰਤ ਦੇ ਸਟੈਂਡ ਨੂੰ ਕਮਜ਼ੋਰ ਕਰ ਸਕਦਾ ਹੈ, ਪਰ ਸਮੇਂ ਦਾ ਤਕਾਜ਼ਾ ਇਹੀ ਹੈ ਕਿ ਜੇ ਕੌਮੀ ਹਿੱਤਾਂ ਦੀ ਰਾਖੀ ਕਰਨੀ ਹੈ ਤਾਂ ਟਰੰਪ ਖਿਲਾਫ ਚੀਨ ਵਰਗਾ ਸਟੈਂਡ ਲੈਣਾ ਹੀ ਪੈਣਾ ਹੈ |



