ਬੰਗਾ (ਅਵਤਾਰ ਕਲੇਰ)
ਬੀਬੀ ਗੁਲਾਬ ਕੌਰ ਸਿਦਕ, ਸਿਰੜ, ਕੁਰਬਾਨੀ ਅਤੇ ਤਿਆਗ ਦਾ ਮੁਜੱਸਮਾ ਸਨ। ਸਾਨੂੰ ਅੱਜ ਦੇ ਸਮੇਂ ਵਿਚ ਸਮਾਜ ਵਿਚ ਇਨਕਲਾਬੀ ਤਬਦੀਲੀ ਲਿਆਉਣ ਲਈ ਯਤਨਸ਼ੀਲ ਤਾਕਤਾਂ ਨੂੰ ਸਾਡੇ ਮਹਾਨ ਗ਼ਦਰੀਆਂ ਦੀਆਂ ਸ਼ਖਸੀਅਤਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਯੁਗ-ਪਲਟਾਊ ਕਾਰਕੁਨਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਸੱਚਾ-ਸੁੱਚਾ ਹੋਣਾ ਚਾਹੀਦਾ ਹੈ। ਇਹ ਵਿਚਾਰ ਐਤਵਾਰ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਵੱਲੋਂ ਬੀਬੀ ਗੁਲਾਬ ਕੌਰ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਟਰੱਸਟੀ ਅਤੇ ਦੇਸ਼ ਭਗਤ ਲਹਿਰਾਂ ਦੀ ਮਹਾਨ ਵਿਰਾਸਤ ਦੀ ਝੰਡਾਬਰਦਾਰ ਬੀਬੀ ਸੁਰਿੰਦਰ ਕੁਮਾਰੀ ਕੋਛੜ ਨੇ ਪ੍ਰਗਟ ਕੀਤੇ।
ਸ਼ਹੀਦੀ ਯਾਦਗਾਰ ਕਮੇਟੀ ਬੰਗਾ, ਤਰਕਸ਼ੀਲ ਸੁਸਾਇਟੀ ਪੰਜਾਬ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਹੋਰ ਅਗਾਂਹਵਧੂ ਸੰਸਥਾਵਾਂ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਰਣਜੀਤ ਸਿੰਘ ਔਲਖ, ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ, ਰਣਜੀਤ ਕੌਰ ਮਹਿਮੂਦਪੁਰ, ਸਾਬਕਾ ਪਿ੍ਰੰਸੀਪਲ ਚਰਨਜੀਤ ਕੌਰ, ਕਿਸਾਨ ਆਗੂ ਤਲਵਿੰਦਰ ਹੀਰ ਨੇ ਕਿਹਾ ਕਿ ਬੀਬੀ ਗੁਲਾਬ ਕੌਰ 1914-15 ’ਚ ਵਿਦੇਸ਼ਾਂ ਤੋਂ ਆਪਣੇ ਵਤਨ ਨੂੰ ਆਜ਼ਾਦ ਕਰਾਉਣ ਲਈ ਆਏ 8000 ਦੇ ਕਰੀਬ ਗ਼ਦਰੀਆਂ ਵਿਚ ਇਕੱਲੀ ਔਰਤ ਸੀ। ਇਕ ਸਦੀ ਪਹਿਲਾਂ ਸਮਾਜਿਕ ਰਿਸ਼ਤਿਆਂ ਦੀਆਂ ਜ਼ੰਜੀਰਾਂ ਤੋੜ ਕੇ ਇਕ ਔਰਤ ਲਈ ਦੇਸ਼ ਦੀ ਆਜ਼ਾਦੀ ਲਈ ਵਤਨ ਵਾਪਸ ਪਰਤਣਾ ਅਤੇ ਤਾਉਮਰ ਆਜ਼ਾਦੀ ਸੰਗਰਾਮ ਦੇ ਲੇਖੇ ਲਾਉਣਾ ਆਪਣੇ ਆਪ ਵਿਚ ਇਤਿਹਾਸ ਦਾ ਬੇਮਿਸਾਲ ਸੁਨਹਿਰੀ ਪੰਨਾ ਹੈ। ਬੁਲਾਰਿਆਂ ਨੇ ਕਿਹਾ ਮਹਾਨ ਗ਼ਦਰੀ ਵੀਰਾਂਗਣਾ ਦੀ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਹੋਰ ਵੀ ਧੜੱਲੇ ਅਤੇ ਗੰਭੀਰਤਾ ਨਾਲ ਸ਼ਹੀਦਾਂ ਦੇ ਸੁਪਨਿਆਂ ਦੀ ਸੱਚੀ ਆਜ਼ਾਦੀ ਲਈ ਜੂਝਣ ਦੀ ਜ਼ਰੂਰਤ ਹੈ।
ਸਮਾਗਮ ਨੂੰ ਹਰੀ ਕਿ੍ਰਸ਼ਨ, ਮੁਲਾਜ਼ਮ ਆਗੂ ਸ਼ਕੁੰਤਲਾ ਦੇਵੀ, ਸੱਤਪਾਲ ਸਲੋਹ ਤੇ ਰਾਜ ਕੁਮਾਰ ਮਾਹਲ ਖ਼ੁਰਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਸੰਦੇਸ਼ ਵੀ ਸਾਂਝਾ ਕੀਤਾ ਗਿਆ। ਗੁਰਮਿੰਦਰ ਕੌਰ, ਧਰਮਿੰਦਰ ਮਸਾਣੀ, ਬਲਵਿੰਦਰ ਕੌਰ ਸਲੋਹ, ਮਾਸਟਰ ਬਲਵੀਰ ਕੁਮਾਰ, ਸੱਤਪਾਲ ਸਲੋਹ, ਸਰਬਜੀਤ ਮੰਗੂਵਾਲ ਅਤੇ ਹਾਜ਼ਰ ਬੱਚੀਆਂ ਵੱਲੋਂ ਗੀਤਾਂ ਤੇ ਕਵਿਤਾਵਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਸੁਸਾਇਟੀ ਵੱਲੋਂ ਮੁੱਖ ਵਕਤਾ ਬੀਬੀ ਸੁਰਿੰਦਰ ਕੁਮਾਰੀ ਅਤੇ ਹੋਰ ਸ਼ਖ਼ਸੀਅਤਾਂ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਟੇਜ ਦਾ ਸੰਚਾਲਨ ਅਮਰਦੀਪ ਸਿੰਘ ਨੇ ਕੀਤਾ।
ਇਸ ਮੌਕੇ ਜੁਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ, ਕਮਲਜੀਤ ਕੌਰ ਕੁੱਲੇਵਾਲ, ਰਾਜਿੰਦਰ ਸਿੰਘ ਹੁਸ਼ਿਆਰਪੁਰ, ਲੋਕ ਕਵੀ ਤਲਵਿੰਦਰ ਸ਼ੇਰਗਿੱਲ, ਦੀਪ ਕਲੇਰ, ਜਸਵੰਤ ਖਟਕੜ, ਪੱਤਰਕਾਰ ਦੀਦਾਰ ਸ਼ੇਤਰਾ, ਰਾਜ ਹੀਓਂ, ਜਸਬੀਰ ਸਿੰਘ ਖਟਕੜ, ਖ਼ੁਸ਼ੀ ਰਾਮ ਗੁਣਾਚੌਰ, ਤੀਰਥ ਰਸੂਲਪੁਰੀ, ਨੰਦ ਲਾਲ, ਪਰਮਜੀਤ ਕੌਰ ਰਾਏਪੁਰ ਡੱਬਾ, ਕਮਲੇਸ਼ ਕੁਮਾਰੀ, ਡਾ. ਬਲਦੇਵ ਬੀਕਾ, ਐਡਵੋਕੇਟ ਪਰਮਜੀਤ ਸਿੰਘ ਖਟੜਾ, ਡਾ. ਗੁਰਮੀਤ ਸਿੰਘ, ਰੇਸ਼ਮ ਕਲੇਰ, ਜਸਵੀਰ ਮੋਰੋਂ, ਜਸਵੀਰ ਬੇਗਮਪੁਰੀ, ਸੁਖਵਿੰਦਰ ਲੰਗੇਰੀ, ਆਸ਼ਾ ਵਰਕਰਜ਼ ਆਗੂ ਰਾਜਵਿੰਦਰ ਕੌਰ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਕਿਰਨ, ਡਾ. ਦਲਬੀਰ ਮਾਹਲ, ਮਦਨ ਲਾਲ, ਰੁਪਿੰਦਰ ਮਾਹਲ ਸਮੇਤ ਇਲਾਕੇ ਦੀਆਂ ਬਹੁਤ ਸਾਰੀਆਂ ਅਗਾਂਹਵਧੂ ਸ਼ਖ਼ਸੀਅਤਾਂ, ਸਮਾਜ ਸੇਵੀ, ਸਾਹਿਤਕਾਰ ਅਤੇ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।





