ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਬਾਪਟਲਾ ਵਿੱਚ ਐਤਵਾਰ ਗ੍ਰੇਨਾਈਟ ਖਾਣ ਵਿੱਚ ਵਾਪਰੇ ਹਾਦਸੇ ਵਿੱਚ ਓਡੀਸ਼ਾ ਦੇ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਤੇ 10 ਹੋਰ ਮਜ਼ਦੂਰ ਵੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾ ਜ਼ਖਮੀਆਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਪੁਲਸ ਅਨੁਸਾਰ ਹਾਦਸਾ ਸਵੇਰੇ ਬਾਪਟਲਾ ਜ਼ਿਲ੍ਹੇ ਦੇ ਬੱਲੀਕੁਰਵਾ ਵਿੱਚ ਸੱਤਿਆਕਿ੍ਰਸ਼ਨ ਗ੍ਰੇਨਾਈਟ ਖਾਣ ਵਿੱਚ ਚਟਾਨ ਦਾ ਇੱਕ ਵੱਡਾ ਹਿੱਸਾ ਡਿੱਗਣ ਕਾਰਨ ਵਾਪਰਿਆ। ਹਾਦਸੇ ਸਮੇਂ ਖਾਣ ਵਿੱਚ 16 ਮਜ਼ਦੂਰ ਮੌਜੂਦ ਸਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਢੁੱਕਵੇਂ ਸੁਰੱਖਿਆ ਉਪਾਵਾਂ ਦੀ ਘਾਟ ਹਾਦਸੇ ਦਾ ਕਾਰਨ ਹੋ ਸਕਦੀ ਹੈ।



