ਨਵੀਂ ਦਿੱਲੀ : ਸੁਪਰੀਮ ਕੋਰਟ ਨੇ ‘ਭਾਰਤ ਜੋੜੋ’ ਯਾਤਰਾ ਦੌਰਾਨ ਭਾਰਤੀ ਫੌਜ ਬਾਰੇ ਕੀਤੀਆਂ ਕਥਿਤ ਨਿਰਾਦਰਯੋਗ ਟਿੱਪਣੀਆਂ ਲਈ ਰਾਹੁਲ ਗਾਂਧੀ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਜੇ ਤੁਸੀਂ ਸੱਚੇ ਭਾਰਤੀ ਹੋ, ਤਾਂ ਤੁਸੀਂ ਅਜਿਹਾ ਕੁਝ ਨਹੀਂ ਕਹਿੰਦੇ। ਹਾਲਾਂਕਿ ਕੋਰਟ ਨੇ ਇਸ ਮਾਮਲੇ ਵਿੱਚ ਲਖਨਊ ਦੀ ਇੱਕ ਅਦਾਲਤ ਵਿੱਚ ਰਾਹੁਲ ਵਿਰੁੱਧ ਕਾਰਵਾਈ ’ਤੇ ਰੋਕ ਲਗਾ ਦਿੱਤੀ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਯੂ ਪੀ ਸਰਕਾਰ ਅਤੇ ਮਾਮਲੇ ਵਿੱਚ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਹੈ।
ਬੈਂਚ ਨੇ ਕਿਹਾ, ‘ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋ। ਤੁਸੀਂ ਆਪਣੀ ਗੱਲ ਸੰਸਦ ਵਿੱਚ ਕਹੋ, ਤੁਸੀਂ ਸੋਸ਼ਲ ਮੀਡੀਆ ’ਤੇ ਇਹ ਕਿਉਂ ਕਿਹਾ? ਤੁਹਾਨੂੰ ਕਿਵੇਂ ਪਤਾ ਲੱਗਾ ਕਿ 2000 ਵਰਗ ਕਿਲੋਮੀਟਰ ਜ਼ਮੀਨ ’ਤੇ ਚੀਨੀਆਂ ਨੇ ਕਬਜ਼ਾ ਕਰ ਲਿਆ ਹੈ, ਜੇ ਤੁਸੀਂ ਸੱਚੇ ਭਾਰਤੀ ਹੋ, ਤਾਂ ਤੁਸੀਂ ਅਜਿਹੀ ਗੱਲ ਨਹੀਂ ਕਹਿੰਦੇ।’ ਅਲਾਹਾਬਾਦ ਹਾਈ ਕੋਰਟ ਨੇ 29 ਮਈ ਨੂੰ ਰਾਹੁਲ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਰਾਹੁਲ ਨੇ ਸੰਮਨ ਦੇ ਹੁਕਮ ਅਤੇ ਸ਼ਿਕਾਇਤ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੰਦਿਆਂ ਦਲੀਲ ਦਿੱਤੀ ਸੀ ਕਿ ਇਹ ਕੇਸ ਗਲਤ ਤਰੀਕੇ ਨਾਲ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਉਦੈ ਸ਼ੰਕਰ ਸ੍ਰੀਵਾਸਤਵ ਨੇ ਦੋਸ਼ ਲਗਾਇਆ ਸੀ ਕਿ ਦਸੰਬਰ 2022 ਵਿਚ ਕੱਢੀ ਯਾਤਰਾ ਦੌਰਾਨ ਰਾਹੁਲ ਨੇ ਚੀਨ ਨਾਲ ਜਾਰੀ ਸਰਹੱਦੀ ਟਕਰਾਅ ਦੇ ਸੰਦਰਭ ਵਿੱਚ ਭਾਰਤੀ ਫੌਜ ਬਾਰੇ ਕਈ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ।




