ਬੰਗਾਲ ਦੀ ਗਿਣਤੀ-ਮਿਣਤੀ

0
2

ਇਹ ਸੋਚਣਾ ਜਲਦਬਾਜ਼ੀ ਹੋਵੇਗਾ ਕਿ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੀ ਕਮਜ਼ੋਰੀ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਵੇਗਾ ਜਾਂ ਕਾਂਗਰਸ ਮਜ਼ਬੂਤ ਹੋ ਜਾਵੇਗੀ। ਟੀ ਐੱਮ ਸੀ ਦੀ ਹਾਰ ਤੇ ਫਿਰ ਉਸ ਵਿੱਚ ਪਈ ਫੁੱਟ ਦਾ ਖੱਬੀਆਂ ਪਾਰਟੀਆਂ ਨੂੰ ਫਾਇਦਾ ਮਿਲਣ ਦੀ ਕਾਫੀ ਸੰਭਾਵਨਾ ਹੈ। ਅਸਲ ਸਵਾਲ ਇਹ ਹੈ ਕਿ ਕੀ ਖੱਬੀਆਂ ਪਾਰਟੀਆਂ ਆਪਣੇ ਬਾਕੀ ਰਹਿੰਦੇ 5-6 ਪ੍ਰਤੀਸ਼ਤ ਵੋਟ ਨੂੰ 10-12 ਪ੍ਰਤੀਸ਼ਤ ਤੱਕ ਵਧਾ ਸਕਦੀਆਂ ਹਨ? ਜੇ ਅਜਿਹਾ ਹੁੰਦਾ ਹੈ, ਤਾਂ ਬੰਗਾਲ ਦਾ ਸਿਆਸੀ ਹਿਸਾਬ ਅਚਾਨਕ ਬਦਲ ਜਾਵੇਗਾ। ਖੱਬੇ-ਪੱਖੀਆਂ ਨੂੰ ਅੱਜ 35-40 ਪ੍ਰਤੀਸ਼ਤ ਤੱਕ ਪਹੁੰਚਣ ਲਈ 35 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਨ ਦੀ ਲੋੜ ਨਹੀਂ। ਉਨ੍ਹਾਂ ਨੂੰ ਸਿਰਫ ਆਪਣੇ ਮੁੱਖ ਵੋਟ ਬੈਂਕ ਨੂੰ ਇਕਜੁੱਟ ਕਰਨ ਅਤੇ ਆਪਣੇ-ਆਪ ਨੂੰ ਇੱਕ ਭਰੋਸੇਯੋਗ ਸਿਆਸੀ ਬਦਲ ਵਜੋਂ ਸਥਾਪਤ ਕਰਨ ਦੀ ਲੋੜ ਹੈ। ਸਿਆਸੀ ਹਾਲਾਤ ਆਪਣੇ-ਆਪ ਬਾਕੀ ਵੋਟਾਂ ਉਨ੍ਹਾਂ ਨੂੰ ਸੌਂਪ ਦੇਣਗੇ।
ਇਸੇ ਤਰ੍ਹਾਂ ਮਮਤਾ ਬੈਨਰਜੀ ਨੂੰ ਫਾਇਦਾ ਮਿਲਿਆ ਸੀ। 2001 ਵਿੱਚ ਮਮਤਾ ਬੈਨਰਜੀ ਬੰਗਾਲ ਦੀ ਸਰਬ-ਸ਼ਕਤੀਸ਼ਾਲੀ ਨੇਤਾ ਨਹੀਂ ਸੀ। ਉਸ ਦਾ ਆਧਾਰ ਸੀਮਤ ਸੀ, ਪਰ ਜਿਵੇਂ-ਜਿਵੇਂ ਮੂਡ ਖੱਬੇ ਮੋਰਚੇ ਦੇ ਵਿਰੁੱਧ ਹੁੰਦਾ ਗਿਆ, ਕਾਂਗਰਸ ਦਾ ਸਮਰਥਨ ਆਧਾਰ ਕਮਜ਼ੋਰ ਹੁੰਦਾ ਗਿਆ ਅਤੇ ਘੱਟਗਿਣਤੀ ਵੋਟਰਾਂ ਨੇ ਇੱਕ ਸੁਰੱਖਿਅਤ ਬਦਲ ਦੀ ਮੰਗ ਕੀਤੀ, ਮਮਤਾ ਦਾ ਵੋਟ ਹਿੱਸਾ ਵਧਦਾ ਗਿਆ। ਅੰਤ ਵਿੱਚ ਉਸ ਨੇ 40 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਅੱਜ ਹਾਲਾਤ ਉਲਟ ਦਿਸ਼ਾ ਵਿੱਚ ਜਾ ਰਹੇ ਹਨ। ਟੀ ਐੱਮ ਸੀ ਦੀ ਸਭ ਤੋਂ ਵੱਡੀ ਤਾਕਤ ਸਿਰਫ ਮਮਤਾ ਬੈਨਰਜੀ ਹੀ ਨਹੀਂ ਸੀ। ਉਸ ਦੀ ਤਾਕਤ ਇੱਕ ਵਿਸ਼ਾਲ ਸਮਾਜੀ ਗੱਠਜੋੜ ਵਿੱਚ ਸੀ, ਜਿਸ ਵਿੱਚ ਘੱਟਗਿਣਤੀ ਵੋਟਾਂ, ਗਰੀਬ, ਪੇਂਡੂ ਵੋਟਰ ਅਤੇ ਭਾਜਪਾ ਵਿਰੋਧੀ ਵੋਟਾਂ ਸ਼ਾਮਲ ਸਨ, ਪਰ ਜਿਵੇਂ-ਜਿਵੇਂ ਪਾਰਟੀ ਅੰਦਰ ਬੇਚੈਨੀ ਵਧਦੀ ਜਾ ਰਹੀ ਹੈ ਅਤੇ ਸਥਾਨਕ ਫੁੱਟ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਇਹ ਗੱਠਜੋੜ ਹੁਣ ਪਹਿਲਾਂ ਵਾਂਗ ਮਜ਼ਬੂਤ ਨਹੀਂ ਰਿਹਾ।
ਅਜਿਹੀ ਸਥਿਤੀ ਵਿੱਚ ਖੱਬੀਆਂ ਪਾਰਟੀਆਂ ਦੇ ਸਾਹਮਣੇ ਸਭ ਤੋਂ ਵੱਡੀ ਜ਼ਿੰਮੇਵਾਰੀ ਚੋਣਾਂ ਲੜਨ ਦੀ ਨਹੀਂ, ਸਗੋਂ ਸੰਗਠਨ ਬਣਾਉਣ ਦੀ ਹੈ। ਜੇ ਉਹ ਅਗਲੇ ਕੁਝ ਸਾਲਾਂ ਵਿੱਚ ਆਪਣਾ ਵੋਟ ਹਿੱਸਾ 5-6 ਪ੍ਰਤੀਸ਼ਤ ਤੋਂ ਵਧਾ ਕੇ 10-12 ਪ੍ਰਤੀਸ਼ਤ ਕਰ ਲੈਂਦੀਆਂ ਹਨ, ਵਿਦਿਆਰਥੀ-ਨੌਜਵਾਨ ਅੰਦੋਲਨਾਂ ਵਿੱਚ ਸਰਗਰਮ ਹੋ ਜਾਂਦੇ ਹਨ, ਮਜ਼ਦੂਰ-ਕਿਸਾਨ ਸੰਗਠਨਾਂ ਨੂੰ ਮੁੜ ਮਜ਼ਬੂਤ ਕਰ ਲੈਂਦੀਆਂ ਹਨ ਅਤੇ ਟੀ ਐੱਮ ਸੀ ਤੋਂ ਨਿਰਾਸ਼ ਲੋਕਾਂ ਲਈ ਇੱਕ ਭਰੋਸੇਯੋਗ ਬਦਲ ਬਣ ਜਾਂਦੀਆਂ ਹਨ ਤਾਂ ਸਿਆਸੀ ਧਰੁਵੀਕਰਨ ਦਾ ਪੂਰਾ ਸਮੀਕਰਨ ਬਦਲ ਸਕਦਾ ਹੈ। ਬੰਗਾਲ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਵੋਟਰ ਹਨ, ਜੋ ਭਾਜਪਾ ਨੂੰ ਵੋਟ ਨਹੀਂ ਦੇਣਾ ਚਾਹੁੰਦੇ, ਪਰ ਟੀ ਐੱਮ ਸੀ ਤੋਂ ਵੀ ਅਸੰਤੁਸ਼ਟ ਹਨ। ਅੱਜ, ਇਹ ਵੋਟ ਖੰਡਤ ਹੈ। ਜਿਸ ਦਿਨ ਇਹ ਇੱਕ ਭਰੋਸੇਯੋਗ ਬਦਲ ਦੇਖੇਗਾ ਹੈ, ਇਹ ਤੇਜ਼ੀ ਨਾਲ ਇੱਕ ਦਿਸ਼ਾ ਵਿੱਚ ਝੁਕ ਸਕਦਾ ਹੈ। ਭਾਰਤੀ ਸਿਆਸਤ ਵਿੱਚ ਇਸ ਦੀਆਂ ਉਦਾਹਰਣਾਂ ਹਨ। ਭਾਵੇਂ ਇਹ ਰਾਜਸਥਾਨ ਦੀ ਸੀਕਰ ਸੀਟ ‘ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਅਮਰਾ ਰਾਮ ਦੀ ਜਿੱਤ ਹੋਵੇ ਜਾਂ 25 ਸਾਲਾਂ ਬਾਅਦ ਝਾਰਖੰਡ ਦੇ ਸਿੰਦਰੀ ਵਿੱਚ ਸੀ ਪੀ ਆਈ (ਐੱਮ ਐੱਲ) ਦੀ ਵਾਪਸੀ ਹੋਵੇ। ਇਹ ਸਫਲਤਾਵਾਂ ਚਮਤਕਾਰੀ ਨਹੀਂ ਸਨ। ਸੰਗਠਨ ਬਚ ਗਿਆ, ਸਮੀਕਰਨਾਂ ਨੇ ਇਸ ਦਾ ਪੱਖ ਲਿਆ, ਅਤੇ ਮੌਕਾ ਮਿਲਣ ‘ਤੇ ਵੋਟਾਂ ਵਾਪਸ ਆ ਗਈਆਂ। ਖੱਬੇ-ਪੱਖੀ ਸਿਆਸਤ ਦਾ ਇਤਿਹਾਸ ਦਰਸਾਉਂਦਾ ਹੈ ਕਿ ਹਾਰ ਦੇ ਲੰਬੇ ਸਮੇਂ ਬਾਅਦ ਵੀ ਇਸ ਦਾ ਵੋਟ ਬੈਂਕ ਅਕਸਰ ਪੂਰੀ ਤਰ੍ਹਾਂ ਬਰਕਰਾਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਕਿ ਹੋਰ ਪਾਰਟੀਆਂ ਚੋਣ ਹਾਰਾਂ ਤੋਂ ਬਾਅਦ ਅਲੋਪ ਹੋ ਜਾਂਦੀਆਂ ਹਨ, ਖੱਬੇ-ਪੱਖੀ ਪਾਰਟੀਆਂ ਦਹਾਕਿਆਂ ਬਾਅਦ ਵੀ ਵਾਪਸੀ ਦੀ ਸੰਭਾਵਨਾ ਨੂੰ ਬਰਕਰਾਰ ਰੱਖਦੀਆਂ ਹਨ। ਅੱਜ ਬੰਗਾਲ ਵਿੱਚ ਖੱਬੇ-ਪੱਖੀ ਪਾਰਟੀਆਂ ਦੇ ਸਾਹਮਣੇ ਚੁਣੌਤੀ ਸਿਰਫ ਚੋਣਾਂ ਜਿੱਤਣਾ ਹੀ ਨਹੀਂ ਹੈ। ਆਪਣੇ-ਆਪ ਨੂੰ ਇੱਕ ਅਜਿਹੀ ਸਿਆਸੀ ਸ਼ਕਤੀ ਵਜੋਂ ਸਥਾਪਤ ਕਰਨਾ ਹੈ, ਜੋ ਟੀ ਐੱਮ ਸੀ ਤੋਂ ਪੈਦਾ ਹੋਣ ਵਾਲੀ ਅਸੰਤੁਸ਼ਟੀ, ਭਾਜਪਾ ਵਿਰੋਧੀ ਵੋਟਾਂ ਅਤੇ ਸਮਾਜਿਕ ਅੰਦੋਲਨਾਂ ਦੀ ਊਰਜਾ ਨੂੰ ਇੱਕਜੁੱਟ ਕਰ ਸਕਦੀ ਹੈ। ਜੇ ਉਹ ਅਜਿਹਾ ਕਰ ਲੈਣ ਤਾਂ 5 ਪ੍ਰਤੀਸ਼ਤ ਤੋਂ 40 ਪ੍ਰਤੀਸ਼ਤ ਤੱਕ ਦਾ ਸਫਰ ਓਨਾ ਅਸੰਭਵ ਨਹੀਂ ਹੋਵੇਗਾ, ਜਿੰਨਾ ਅੱਜ ਲਗਦਾ ਹੈ।