ਸ਼ਿਮਲਾ : ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਕਿੰਨਰ ਕੈਲਾਸ਼ ਯਾਤਰਾ ਮੁਅੱਤਲ ਕਰ ਦਿੱਤੀ ਗਈ ਹੈ। ਯਾਤਰਾ 15 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 30 ਅਗਸਤ ਨੂੰ ਸਮਾਪਤ ਹੋਵੇਗੀ। ਯਾਤਰਾ ਰੂਟ ’ਤੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 413 ਨੂੰ ਬਚਾਇਆ ਗਿਆ ਹੈ। ਇਸੇ ਦਰਮਿਆਨ ਹਿਮਾਚਲ ਦੇ ਬਿਲਾਸਪੁਰ, ਸੋਲਨ, ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਤੇਜ਼ ਤੋਂ ਬਹੁਤ ਤੇਜ਼ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਸਰਸਾ ਨਦੀ ’ਚ ਹੜ੍ਹ
ਰੋਪੜ : ਜ਼ੋਰਦਾਰ ਬਾਰਿਸ਼ ਕਾਰਨ ਰੂਪਨਗਰ ਜ਼ਿਲ੍ਹੇ ਦੇ ਪਿੰਡ ਆਸਪੁਰ ਨੇੜੇ ਸਤਲੁਜ ਦਰਿਆ ਵਿੱਚ ਸਮਾਉਣ ਵਾਲੀ ਸਰਸਾ ਨਦੀ ਵਿੱਚ ਹੜ੍ਹ ਆ ਗਿਆ ਹੈ। ਸਰਸਾ ਨਦੀ ਦੇ ਪਾਣੀ ਦਾ ਵਹਾਅ ਸਿਰਸਾ ਨਦੀ ਅਤੇ ਸਤਲੁਜ ਦਰਿਆ ਦੇ ਬਿਲਕੁਲ ਕੰਢੇ ’ਤੇ ਵਸੇ ਪਿੰਡ ਆਸਪੁਰ ਵੱਲ ਨੂੰ ਹੋ ਗਿਆ ਹੈ। ਹੜ੍ਹ ਦਾ ਪਾਣੀ ਪਿੰਡ ਦੀ ਫਿਰਨੀ ਨਾਲ ਟਕਰਾਉਣ ਤੋਂ ਬਾਅਦ ਖੇਤਾਂ ਵਿੱਚ ਦੀ ਹੁੰਦਾ ਹੋਇਆ ਸ਼ਮਸ਼ਾਨਘਾਟ ਵਾਲੇ ਪਾਸੇ ਨੂੰ ਵਗਣ ਲੱਗ ਪਿਆ ਹੈ। ਪਿੰਡ ਦੇ ਨੇੜੇ 4 ਮਜ਼ਦੂਰ ਹੜ੍ਹ ਦੇ ਪਾਣੀ ਵਿੱਚ ਫਸ ਗਏ ਹਨ, ਜਿਹੜੇ ਕਿ ਇੱਕ ਮੋਟਰ ਦੇ ਕੋਠੇ ’ਤੇ ਚੜ੍ਹ ਕੇ ਬੈਠੇ ਹਨ।
ਫੈਕਟਰੀ ’ਚ ਧਮਾਕੇ ਨਾਲ ਦੋ ਮੌਤਾਂ
ਮੁਹਾਲੀ : ਇੰਡਸਟਰੀਅਲ ਏਰੀਆ, ਫੇਜ਼-9 ਵਿੱਚ ਬੁੱਧਵਾਰ ਸਵੇਰੇ ਫੈਕਟਰੀ ਦੇ ਆਕਸੀਜਨ ਪਲਾਂਟ ਵਿੱਚ ਸਿਲੰਡਰ ਫਟਣ ਨਾਲ ਧਮਾਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਹਾਈਟੈਕ ਕੰਪਨੀ ਵਿੱਚ ਮਰਨ ਵਾਲਿਆਂ ਦੀ ਪਛਾਣ ਦੇਵੇਂਦਰ ਅਤੇ ਆਸਿਫ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਸ ਤੇ ਫੈਕਟਰੀ ਮਾਲਕ ਨਾਲ ਝੜਪ ਕੀਤੀ।




