ਮੁਹਾਲੀ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਅਧੀਨ ਨਾਭਾ ਦੀ ਨਿਊ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵਿੱਚੋਂ ਬੁੱਧਵਾਰ ਵੀ ਕੋਈ ਰਾਹਤ ਨਹੀਂ ਮਿਲ ਸਕੀ। ਅਦਾਲਤ ਵਿੱਚ ਉਸ ਦੀਆਂ ਦੋ ਪਟੀਸ਼ਨਾਂ ਉੱਤੇ ਸੁਣਵਾਈ ਹੋਈ, ਜਿਸ ਵਿੱਚ ਸਰਕਾਰੀ ਪੱਖ ਅਤੇ ਸਫਾਈ ਧਿਰ ਦੇ ਵਕੀਲਾਂ ਨੇ ਆਪੋ-ਆਪਣੇ ਦਾਅਵੇ ਪੇਸ਼ ਕੀਤੇ।
ਅਦਾਲਤ ਨੇ ਜ਼ਮਾਨਤ ਅਰਜ਼ੀ ਉੱਤੇ ਅਗਲੀ ਸੁਣਵਾਈ 7 ਅਗਸਤ ’ਤੇ ਪਾ ਦਿੱਤੀ ਹੈ, ਜਦੋਂਕਿ ਬੈਰਕ ਬਦਲਣ ਦੇ ਮਾਮਲੇ ਵਿੱਚ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ।
ਵੋਟਰ ਸੂਚੀਆਂ ’ਤੇ ਬਹਿਸ ਤੋਂ ਇਨਕਾਰ
ਨਵੀਂ ਦਿੱਲੀ : ਕੇੇਂਦਰ ਸਰਕਾਰ ਨੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦੇ ਮੁੱਦੇ ਉਤੇ ਸੰਸਦ ਵਿੱਚ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਇਹ ਮੰਗ ਠੁਕਰਾਉਂਦਿਆਂ ਸਰਕਾਰ ਨੇ ਬੁੱਧਵਾਰ ਲੋਕ ਸਭਾ ਵਿੱਚ ਜ਼ੋਰ ਦੇ ਕੇ ਕਿਹਾ ਕਿ ਨਿਆਂ ਪਾਲਿਕਾ ਦੇ ਸਾਹਮਣੇ ਜ਼ੇਰੇ-ਗ਼ੌਰ ਮਾਮਲਿਆਂ ਉਤੇ ਸਦਨ ਵਿਚ ਚਰਚਾ ਨਹੀਂ ਕੀਤੀ ਜਾ ਸਕਦੀ।
ਆਧਾਰ ਕਾਰਡ ਤੋਂ ਪੰਜਾਬੀ ਹਟਾਉਣ ਦੀ ਨਿੰਦਾ
ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ ਨੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੱਲੋਂ ਆਧਾਰ ਕਾਰਡਾਂ ਤੋਂ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਸਭਾ ਇਹ ਸਮਝਦੀ ਹੈ ਕਿ ਇਹ ਕਦਮ ਪੰਜਾਬੀ ਭਾਸ਼ਾ ਅਤੇ ਪੰਜਾਬ ਦੀ ਸੱਭਿਆਚਾਰਕ ਪਛਾਣ ’ਤੇ ਸਿੱਧਾ ਹਮਲਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕਿਹਾ ਕਿ ਪੰਜਾਬ ਦੀ ਮਾਂ-ਬੋਲੀ ਨੂੰ ਉਸ ਦੇ ਆਪਣੇ ਘਰ ਵਿੱਚ ਹੀ ਬੇਗਾਨਾ ਕਰਨ ਦੀ ਇਹ ਸਾਜ਼ਿਸ਼ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਨਵੇਂ ਅਤੇ ਸੋਧੇ ਜਾ ਰਹੇ ਆਧਾਰ ਕਾਰਡਾਂ ’ਤੇ ਸਿਰਫ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ।




