ਕੋਈ ਵੀ ਅਕਾਲੀ ਧਿਰ ਅਕਾਲ ਤਖ਼ਤ ਦੀ ਸਰਪ੍ਰਸਤੀ ਹਾਸਲ ਹੋਣ ਦਾ ਦਾਅਵਾ ਨਾ ਕਰੇ : ਸਿੰਘ ਸਾਹਿਬਾਨ

0
141

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)
ਪੰਜ ਸਿੰਘ ਸਾਹਿਬਾਨ ਦੀ ਬੁੱਧਵਾਰ ਹੋਈ ਇਕੱਤਰਤਾ ਵਿੱਚ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸਿੰਘ ਸਭਾਵਾਂ, ਸਿੱਖ ਸਿਆਸੀ ਧਿਰਾਂ ਅਤੇ ਧਾਰਮਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਵਿੱਚ ਪੁੱਜੀਆਂ ਸ਼ਿਕਾਇਤਾਂ ਜਿਵੇਂ ਕਿ ‘ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਅਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ’ ਦਾ ਮਾਮਲਾ ਵਿਚਾਰਿਆ ਗਿਆ। ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਆਦੇਸ਼ ਵਿੱਚ ਅਕਾਲੀ ਦਲ ਦੀਆਂ ਸਮੂਹ ਧਿਰਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਆਪੋ-ਆਪਣੇ ਵੱਖਰੇ ਚੁੱਲ੍ਹੇ ਸਮੇਟ ਕੇ ਇਕਜੁੱਟ ਹੋਣ। ਇਸ ਸੰਬੰਧੀ ਹੁਣ ਤਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ, ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ। ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਵਿੱਚ ਖੜ੍ਹਾ ਹੈ। ਜੇਕਰ 2 ਦਸੰਬਰ 2024 ਨੂੰ ਕੀਤੇ ਹੁਕਮਾਂ ਨੂੰ ਕੋਈ ਵੀ ਧਿਰ ਇੰਨ-ਬਿੰਨ ਨਹੀਂ ਮੰਨਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਆਪੋ-ਆਪਣੀ ਸਿਆਸਤ ਮੁਬਾਰਕ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਕਰਕੇ ਸੰਗਤ ਵਿੱਚ ਭਰਮ-ਭੁਲੇਖੇ ਪੈਦਾ ਨਾ ਕੀਤੇ ਜਾਣ। ਕਿਉਂਕਿ ਵੱਖੋ-ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਲੰਮੇ ਵਿਚਾਰ ਵਟਾਂਦਰੇ ਮਗਰੋਂ ਆਦੇਸ਼ ਕੀਤਾ ਗਿਆ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ। ਦੱਸਣਯੋਗ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਦੀ ਅਪੀਲ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਹ ਪੱਤਰ ਅੱਗੇ ਅਕਾਲ ਤਖਤ ਦੇ ਜਥੇਦਾਰ ਨੂੰ ਭੇਜ ਦਿੱਤਾ ਗਿਆ ਸੀ।