ਟਰੰਪ ਨਾਲ ਗੱਲ ਨਹੀਂ ਕਰਨੀ, ਜਿਨਪਿੰਗ ਤੇ ਮੋਦੀ ਨਾਲ ਕਰਾਂਗਾ : ਲੂਲਾ

0
96

ਰੀਓ ਡੀ ਜਨੇਰੀਓ : ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡੀ ਸਿਲਵਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਲੂਲਾ ਟੈਰਿਫ ਦੇ ਮੁੱਦੇ ’ਤੇ ਉਨ੍ਹਾ ਨਾਲ ਕਿਸੇ ਵੀ ਸਮੇਂ ਗੱਲ ਕਰ ਸਕਦੇ ਹਨ। ਲੂਲਾ ਨੇ ਕਿਹਾ ਕਿ ਉਹ ਟਰੰਪ ਨਾਲ ਗੱਲ ਨਹੀਂ ਕਰਨਗੇ, ਪਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਫੋਨ ਕਰਨਗੇ। ਇਹ ਤਣਾਅ ਉਦੋਂ ਸ਼ੁਰੂ ਹੋਇਆ, ਜਦੋਂ ਅਮਰੀਕਾ ਨੇ ਬ੍ਰਾਜ਼ੀਲ ’ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ।
ਲੂਲਾ ਨੇ ਟੈਰਿਫ ਲਾਗੂ ਹੋਣ ਵਾਲੇ ਦਿਨ ਨੂੰ ਦੋਵਾਂ ਦੇਸ਼ਾਂ ਦੇ ਇਤਿਹਾਸ ਦਾ ਸਭ ਤੋਂ ਦੁਖਦਾਈ ਦਿਨ ਦੱਸਿਆ ਸੀ। ਉਨ੍ਹਾ ਕਿਹਾ ਕਿ ਬ੍ਰਾਜ਼ੀਲ ਹੁਣ ਆਪਣੇ ਹਿੱਤਾਂ ਦੀ ਰੱਖਿਆ ਲਈ ਵਿਸ਼ਵ ਵਪਾਰ ਸੰਗਠਨ ਸਮੇਤ ਹਰ ਸੰਭਵ ਤਰੀਕੇ ਅਪਣਾਏਗਾ। ਲੂਲਾ ਨੇ ਇਹ ਵੀ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਪਹਿਲਾਂ ਹੀ ਵਿਦੇਸ਼ੀ ਵਪਾਰ ਨੂੰ ਮਜ਼ਬੂਤ ਕਰਨਾ ਅਤੇ ਬਿ੍ਰਕਸ ਦੇਸ਼ਾਂ ਨਾਲ ਨਵੇਂ ਮੌਕਿਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿ੍ਰਕਸ ਵਿੱਚ ਭਾਰਤ, ਰੂਸ ਅਤੇ ਚੀਨ ਵਰਗੇ ਦੇਸ਼ ਸ਼ਾਮਲ ਹਨ। ਅਮਰੀਕਾ ਅਕਸਰ ਇਨ੍ਹਾਂ ਦੇਸ਼ਾਂ ’ਤੇ ਡਾਲਰ ਦੇ ਏਕਾਧਿਕਾਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਉਂਦਾ ਹੈ। ਟਰੰਪ ਨੇ ਧਮਕੀ ਦਿੱਤੀ ਹੈ ਕਿ ਬਿ੍ਰਕਸ ਨੀਤੀਆਂ ਦਾ ਸਮਰਥਨ ਕਰਨ ਵਾਲੇ ਦੇਸ਼ਾਂ ’ਤੇ ਵਾਧੂ 10 ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ। ਉਜ ਲੂਲਾ ਨੇ ਕਿਹਾ ਕਿ ਬ੍ਰਾਜ਼ੀਲ ਅਮਰੀਕਾ ਨਾਲ ਟੈਰਿਫ ’ਤੇ ਗੱਲਬਾਤ ਕਰਨ ਲਈ ਤਿਆਰ ਹੈ, ਪਰ ਇਹ ਸਮਾਨਤਾ ਅਤੇ ਆਪਸੀ ਸਤਿਕਾਰ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ।