ਟਰੰਪ ਦੀਆਂ ਧਮਕੀਆਂ ਦਰਮਿਆਨ ਮੋਦੀ ਦਾ ਚੀਨ ਜਾਣ ਦਾ ਪ੍ਰੋਗਰਾਮ

0
111

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਗਸਤ ਤੋਂ ਇੱਕ ਸਤੰਬਰ ਤੱਕ ਹੋਣ ਵਾਲੇ ‘ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ’ ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋ ਸਕਦੇ ਹਨ। ਪ੍ਰਧਾਨ ਮੰਤਰੀ ਦੇ ਤੌਰ ’ਤੇ ਮੋਦੀ ਦਾ ਇਹ ਛੇਵਾਂ ਚੀਨ ਦੌਰਾ ਹੋਵੇਗਾ। ਮੋਦੀ 30 ਅਗਸਤ ਨੂੰ ਜਾਪਾਨ ਜਾਣਗੇ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ। 2020 ਵਿੱਚ ਗਲਵਾਨ ਵਿੱਚ ਹੋਈ ਫੌਜੀ ਝੜਪ ਤੋਂ ਬਾਅਦ ਮੋਦੀ ਦਾ ਪਹਿਲਾ ਚੀਨ ਦੌਰਾ ਹੋਵੇਗਾ। ਹਾਲਾਂਕਿ ਅਕਤੂਬਰ 2024 ਵਿੱਚ ਰੂਸ ਦੇ ਕਜ਼ਾਨ ’ਚ ਬਿ੍ਰਕਸ ਸਿਖਰ ਸੰਮਲੇਨ ਵਿੱਚ ਉਨ੍ਹਾ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਈ ਸੀ।
ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੀ ਸਥਾਪਨਾ 2001 ਵਿੱਚ ਚੀਨ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ ਨੇ ਮਿਲ ਕੇ ਕੀਤੀ ਸੀ। 2017 ਵਿੱਚ ਪਾਕਿਸਤਾਨ ਤੇ ਭਾਰਤ ਇਸ ਨਾਲ ਜੁੜੇ ਅਤੇ 2023 ਵਿੱਚ ਈਰਾਨ ਵੀ ਸ਼ਾਮਲ ਹੋ ਗਿਆ।
ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਭਾਰਤੀ ਮਾਲ ’ਤੇ ਟੈਰਿਫ ਵਧਾਉਣ ਦੀਆਂ ਧਮਕੀਆਂ ਦਰਮਿਆਨ ਮੋਦੀ ਦਾ ਚੀਨ ਦੌਰਾ ਅਹਿਮ ਹੋਵੇਗਾ। ਇਸ ਦਰਮਿਆਨ ਟਰੰਪ ਨੇ ਕਿਹਾ ਹੈ ਕਿ ਉਸ ਨੂੰ ਰੂਸ ਤੋਂ ਯੂਰੇਨੀਅਮ, ਖਾਦ ਤੇ ਰਸਾਇਣਾਂ ਦੀ ਦਰਾਮਦ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ। ਟਰੰਪ ਨੇ ਇਨ੍ਹਾਂ ਵਸਤਾਂ ਦੀ ਅਮਰੀਕੀ ਦਰਾਮਦ ਬਾਰੇ ਭਾਰਤ ਦੇ ਬਿਆਨ ’ਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ‘ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਨੂੰ ਜਾਂਚ ਕਰਨੀ ਪਵੇਗੀ, ਪਰ ਅਸੀਂ ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ।’ ਉਸ ਨੇ ਕਿਹਾ ਕਿ ਉਹ ਜਲਦੀ ਹੀ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਲਗਾਏ ਜਾਣ ਵਾਲੇ ਟੈਰਿਫਾਂ ਬਾਰੇ ਫੈਸਲਾ ਕਰੇਗਾ।