ਮੋਦੀ ਹਕੂਮਤ ਵਿਰੋਧੀਆਂ ਦੀ ਆਵਾਜ਼ ਬੰਦ ਕਰਕੇ ਜੇਲ੍ਹਾਂ ’ਚ ਡੱਕ ਰਹੀ : ਬੰਤ ਬਰਾੜ

0
169

ਚੇਤਨਪੁਰਾ (ਸੁਖਵੰਤ ਚੇਤਨਪੁਰੀ)
ਫਾਸ਼ੀਵਾਦ ਵਿਰੋਧੀ ਮੋਰਚਾ ਪੰਜਾਬ ਦੀ ਅੰਮਿ੍ਰਤਸਰ ਜ਼ਿਲ੍ਹੇ ਦੀ ਪ੍ਰਤੀਨਿਧ ਕਨਵੈਨਸਨ ਸਮੇਂ ਦੇਸ਼ ਅੰਦਰ ਦਿਨੋਂ-ਦਿਨ ਵਧ ਰਹੇ ਜਮਹੂਰੀਅਤ ਨੂੰ ਖਤਰੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਕੰਪਨੀ ਬਾਗ ਵਿਖੇ ਇਕੱਤਰ ਹੋਏ ਕਮਿਊਨਿਸਟ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਹਕੂਮਤ ਲਗਾਤਾਰ ਆਪਣੇ ਵਿਰੋਧੀਆਂ ਦੀ ਆਵਾਜ਼ ਬੰਦ ਕਰਕੇ ਉਹਨਾਂ ਨੂੰ ਜੇਲ੍ਹਾਂ ਅੰਦਰ ਬੰਦ ਕਰ ਰਹੀ ਹੈ। ਉਹਨਾ ਕਿਹਾ ਕਿ ਖਾਸ ਕਰਕੇ ਜਲ, ਜੰਗਲ ਤੇ ਜ਼ਮੀਨ ਦੀ ਰਾਖੀ ਕਰਨ ਵਾਲਿਆਂ ਨੂੰ ਝੂਠੇ ਪੁਲਸ ਮੁਕਾਬਲਿਆਂ ਰਾਹੀ ਖਤਮ ਕੀਤਾ ਜਾ ਰਿਹਾ ਹੈ।
ਕਨਵੈਨਸ਼ਨ ਨੂੰ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਬਖਤੂਪੁਰ ਨੇ ਸੰਬੋਧਨ ਕਰਦਿਆਂ ਬਿਹਾਰ ਅੰਦਰ ਚੋਣ ਕਮਿਸ਼ਨ ਵੱਲੋਂ ਵੋਟਰ ਸੁਧਾਈ ਦੇ ਨਾਂਅ ’ਤੇ ਵੱਡੀ ਗਿਣਤੀ ਵਿੱਚ ਵੋਟਾਂ ਕੱਟਣ ਦੀ ਜ਼ੋਰਦਾਰ ਨਿਖੇਧੀ ਕੀਤੀ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੇ ਨਾਂਅ ਉੱਪਰ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਹਥਿਆਉਣ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਸਤੰਬਰ ਨੂੰ ਲੁਧਿਆਣਾ ਦੇ ਸਮਰਾਲਾ ਵਿਖੇ ਕੀਤੀ ਜਾਣ ਵਾਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਨੀਤੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੀਤੀ ਦਾ ਪ੍ਰਚਾਰ ਜ਼ਿਆਦਾ ਹੈ, ਪਰ ਅਮਲ ਘੱਟ ਹੈ।
ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜ਼ਾਮਪੁਰ, ਰਤਨ ਸਿੰਘ ਰੰਧਾਵਾ, ਜਗਤਾਰ ਸਿੰਘ ਕਰਮਪੁਰਾ, ਬਲਬੀਰ ਸਿੰਘ ਮੂਧਲ, ਵਿਜੇ ਕਪੂਰ ਤੇ ਸਤਨਾਮ ਸਿੰਘ ਝੰਡੇਰ ਨੇ ਵੀ ਸੰਬੋਧਨ ਕੀਤਾ।