ਜਲੰਧਰ (ਇਕਬਾਲ ਸਿੰਘ ਉੱਭੀ,
ਸੁਖਜੀਤ ਕੁਮਾਰ, ਸੁਰਿੰਦਰ ਕੁਮਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਵੀਰਵਾਰ ਤਕਰੀਬਨ 3.4 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸ ਟੀ ਪੀ) ਅਤੇ ਮੁੱਖ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਇੱਥੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਦਾ ਸਵਾਗਤ ਡੇਰਾ ਸੱਚਖੰਡ ਬੱਲਾਂ ਦੇ ਟਰੱਸਟੀਆਂ ਨੇ ਕੀਤਾ। ਉਹਨਾ ਡੇਰਾ ਮੁਖੀ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਧਾਰਮਿਕ ਆਗੂਆਂ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਕਰ ਕੇ ਉਹ ਧੰਨ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਧਰਤੀ ਨੇ ਹਮੇਸ਼ਾ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਤ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਪੰਜਾਬ ਸਰਕਾਰ ਨੇ ਸਿਹਤ, ਰੋਜ਼ਗਾਰ ਅਤੇ ਹੋਰ ਮੁੱਖ ਖੇਤਰਾਂ ਦੇ ਨਾਲ-ਨਾਲ ਸਿੱਖਿਆ ਖੇਤਰ ਨੂੰ ਤਰਜੀਹ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਖੇਤਰਾਂ ਵਿੱਚ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ।
ਸੂਬਾ ਸਰਕਾਰ ਦੀ ਮੀਲ ਦਾ ਪੱਥਰ ਸਾਬਤ ਹੋਣ ਵਾਲੀ ਇਕ ਹੋਰ ਪਹਿਲਕਦਮੀ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਖ਼ਾਸ ਤੌਰ ਉੱਤੇ ਜ਼ਿਕਰ ਕੀਤਾ। ਦੇਸ਼ ਭਰ ਵਿੱਚ ਆਪਣੀ ਤਰ੍ਹਾਂ ਦੀ ਇਸ ਪਹਿਲੀ ਸਕੀਮ ਤਹਿਤ ਪੰਜਾਬ ਵਾਸੀ ਹਰੇਕ ਪਰਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਡਾਕਟਰੀ ਇਲਾਜ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਨਾਲ ਪਰਵਾਰਾਂ ਤੋਂ ਵਿੱਤੀ ਬੋਝ ਕਾਫ਼ੀ ਹੱਦ ਤੱਕ ਘਟੇਗਾ ਅਤੇ ਉਨ੍ਹਾਂ ਨੂੰ ਮਿਆਰੀ ਸਿਹਤ ਸੰਭਾਲ ਯਕੀਨੀ ਬਣੇਗੀ। ਮਾਨ ਨੇ ਕਿਹਾ ਕਿ ਇਹ ਇਤਿਹਾਸਕ ਮੌਕਾ ਹੈ, ਕਿਉਕਿ ਡੇਰਾ ਸੱਚਖੰਡ ਬੱਲਾਂ ਵਿੱਚ ਹੁਣ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਮੇਨ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਐੱਸ ਟੀ ਪੀ ਦੀ ਸਮਰੱਥਾ 0.5 ਐੱਮ ਐੱਲ.ਡੀ (ਮਿਲੀਅਨ ਲਿਟਰ ਪ੍ਰਤੀ ਦਿਨ) ਹੈ ਅਤੇ ਇਸ ਪ੍ਰਾਜੈਕਟ ਦੇ 12 ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ, ਜਿਸ ਉੱਤੇ 3.4 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਪ੍ਰਾਜੈਕਟ ਨਾਲ ਡੇਰਾ ਸੱਚਖੰਡ ਬੱਲਾਂ ਵਿੱਚ ਬਕਾਇਦਾ ਸਤਿਕਾਰ ਭੇਟ ਕਰਨ ਲਈ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਨ ਮੁਹੱਈਆ ਹੋਵੇਗਾ।
ਉਹਨਾ ਮੰਨਿਆ ਕਿ ਡੇਰਾ ਸੱਚਖੰਡ ਬੱਲਾਂ ਨੇ ਸਮਾਜ ਭਲਾਈ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਉਨ੍ਹਾ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਕਈ ਵਾਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾ ਡੇਰੇ ਦੀ ਸ਼ਲਾਘਾ ਕੀਤੀ ਕਿ ਇਹ ਡੇਰਾ ਬਰਾਬਰੀ ਵਾਲੇ ਸਮਾਜ ਦੇ ਆਦਰਸ਼ਾਂ ਦੇ ਪੈਰੋਕਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਲੱਖਾਂ ਪੈਰੋਕਾਰਾਂ ਲਈ ਪ੍ਰੇਰਨਾਸਰੋਤ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ, ਲਾਲ ਚੰਦ ਕਟਾਰੂ ਚੱਕ, ਡਾ. ਰਵਜੋਤ ਸਿੰਘ ਅਤੇ ਮਹਿੰਦਰ ਭਗਤ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਕਾਰ ਸਿੰਘ, ਇੰਦਰਜੀਤ ਕੌਰ ਮਾਨ ਅਤੇ ਜਸਵੀਰ ਸਿੰਘ ਗਿੱਲ, ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਪਵਨ ਟੀਨੂੰ, ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ, ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਰਾਜਵਿੰਦਰ ਕੌਰ ਥਿਆੜਾ, ‘ਆਪ’ ਆਗੂ ਹਰਨੂਰ ਸਿੰਘ ਹਰਜੀ ਮਾਨ, ‘ਆਪ’ ਕੋਆਰਡੀਨੇਟਰ ਬੀਰ ਚੰਦ ਸੁਰੀਲਾ, ਦਿਨੇਸ਼ ਢੱਲ ਤੇ ਹੋਰ ਹਾਜ਼ਰ ਸਨ।





