ਕੁਦਰਤ ਨਾਲ ਖਿਲਵਾੜ

0
136

ਬੀਤੇ ਕੁਝ ਸਾਲਾਂ ਤੋਂ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਤੇ ਪਹਾੜ ਖਿਸਕਣ ਨਾਲ ਤਬਾਹੀ ਦੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਹਨ ਅਤੇ ਹਰ ਵਾਰ ਇਹ ਸਵਾਲ ਉੱਠਦਾ ਹੈ ਕਿ ਵਿਕਾਸ ਦੇ ਨਾਂਅ ’ਤੇ ਵਿਨਾਸ਼ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਦੋਹਾਂ ਰਾਜਾਂ ਵਿੱਚ ਵਿਕਾਸ ਦੇ ਨਾਂਅ ’ਤੇ ਸੜਕਾਂ, ਪੁਲਾਂ ਤੇ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ। ਪਿਛਲੇ 20 ਸਾਲਾਂ ਵਿੱਚ ਉੱਤਰਾਖੰਡ ’ਚ 50 ਹਜ਼ਾਰ ਕਿੱਲੋਮੀਟਰ ਸੜਕਾਂ ਬਣੀਆਂ, ਜਿਨ੍ਹਾਂ ਨਾਲ 200 ਕਰੋੜ ਘਣ-ਮੀਟਰ ਮਲਬਾ ਨਿਕਲਿਆ। ਇਸ ਮਲਬੇ ਨੂੰ ਸਹੀ ਤਰ੍ਹਾਂ ਬਿਲੇ ਨਹੀਂ ਲਾਇਆ ਗਿਆ ਤੇ ਮੀਂਹ ਵਿੱਚ ਇਹ ਨਦੀਆਂ-ਨਾਲਿਆਂ ਵਿੱਚ ਵਹਿ ਕੇ ਤਬਾਹੀ ਮਚਾਉਦਾ ਹੈ। ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਨਦੀਆਂ-ਨਾਲਿਆਂ ਦੇ ਕੰਢੇ ਹੋਟਲ, ਹੋਮਸਟੇਅ ਤੇ ਰਿਜ਼ਾਰਟ ਬਣਾਏ ਜਾ ਰਹੇ ਹਨ। ਉੱਤਰਾਖੰਡ ਦੇ ਧਰਾਲੀ ਵਿੱਚ ਵੀ ਖੀਰ ਗੰਗਾ ਨਦੀ ਦੇ ਕੰਢੇ ਕਈ ਮੰਜ਼ਲਾਂ ਇਮਾਰਤਾਂ ਸਨ, ਜਿਹੜੀਆਂ ਪਿਛਲੇ ਦਿਨੀਂ ਹੜ੍ਹ ਵਿੱਚ ਵਹਿ ਗਈਆਂ। ਨਦੀਆਂ ਕੰਢੇ ਨਾਜਾਇਜ਼ ਉਸਾਰੀਆਂ ਤੇ ਜੰਗਲਾਂ ਦੀ ਕਟਾਈ ਨੇ ਅਜਿਹੀਆਂ ਆਫਤਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਉੱਤਰਾਖੰਡ ਦਾ ਸਭ ਤੋਂ ਵੱਡਾ ਰੇਲ ਪ੍ਰੋਜੈਕਟ ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਲਾਈਨ ਹੈ, ਜਿਹੜੀ 125.2 ਕਿੱਲੋਮੀਟਰ ਲੰਮੀ ਹੈ। ਇਹ ਦੇਹਰਾਦੂਨ, ਟੀਹਰੀ, ਪੌੜੀ, ਰੁਦਰਪ੍ਰਯਾਗ ਤੇ ਚਮੋਲੀ ਜ਼ਿਲ੍ਹਿਆਂ ਨੂੰ ਜੋੜੇਗੀ। ਇਸ ਦਾ ਉਦੇਸ਼ ਚਾਰਧਾਮ ਯਾਤਰਾ ਨੂੰ ਆਸਾਨ ਬਣਾਉਣਾ ਤੇ ਸੈਰਸਪਾਟੇ ਨੂੰ ਬੜ੍ਹਾਵਾ ਦੇਣਾ ਹੈ। ਇਸ ਵਿੱਚ 12 ਸਟੇਸ਼ਨ ਤੇ 17 ਸੁਰੰਗਾਂ ਸ਼ਾਮਲ ਹਨ ਤੇ 2025 ਵਿੱਚ ਇਹ ਪ੍ਰੋਜੈਕਟ ਮੁਕੰਮਲ ਕੀਤਾ ਜਾਣਾ ਹੈ, ਪਰ ਇਸ ਪ੍ਰੋਜੈਕਟ ਦੀ ਸੂਬੇ ਦੇ ਲੋਕਾਂ ਨੂੰ ਪਰਿਆਵਰਣ ਦੇ ਭਾਰੀ ਨੁਕਸਾਨ ਵਜੋਂ ਕੀਮਤ ਚੁਕਾਉਣੀ ਪੈਣੀ ਹੈ। ਸੁਰੰਗ ਪੁੱਟਣ ਲਈ ਕੀਤੇ ਜਾਂਦੇ ਧਮਾਕਿਆਂ ਨਾਲ ਟੀਹਰੀ ਜ਼ਿਲ੍ਹੇ ਦੇ ਦੋਗੀ ਪੱਟੀ ਵਰਗੇ ਖੇਤਰਾਂ ਵਿੱਚ ਪਾਣੀ ਦੇ ਸੋਮੇ ਸੁੱਕ ਗਏ ਹਨ। ਧਮਾਕਿਆਂ ਕਾਰਨ ਪਹਾੜ ਖਿਸਕਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਮਲਬਾ ਨਦੀਆਂ ਵਿੱਚ ਜਮ੍ਹਾਂ ਹੋ ਕੇ ਤਬਾਹੀ ਨੂੰ ਹੋਰ ਵਧਾ ਰਿਹਾ ਹੈ। 56 ਹਜ਼ਾਰ ਦਰੱਖਤ ਵੱਢ ਦਿੱਤੇ ਗਏ ਹਨ। ਮਾਹਰਾਂ ਵੱਲੋਂ ਇਸ ਤਬਾਹੀ ਬਾਰੇ ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਸਰਕਾਰਾਂ ਕੋਈ ਪਰਵਾਹ ਨਹੀਂ ਕਰ ਰਹੀਆਂ।
1990 ਦੇ ਦਹਾਕੇ ਵਿੱਚ ਉੱਤਰਾਖੰਡ ਨੂੰ ਵੱਖਰਾ ਰਾਜ ਬਣਾਉਣ ਲਈ ਕੀਤੇ ਗਏ ਅੰਦੋਲਨ ਵਿੱਚ ਪਰਿਆਵਰਣ ਦੀ ਰਾਖੀ ਪ੍ਰਮੁੱਖ ਮੁੱਦਾ ਸੀ। ਚਿਪਕੋ ਅੰਦੋਲਨ ਤੇ ਟੀਹਰੀ ਬੰਨ੍ਹ ਦੇ ਵਿਰੋਧ ਨੇ ਇਸ ਨੂੰ ਕੌਮੀ ਪਛਾਣ ਦਿੱਤੀ, ਪਰ 9 ਨਵੰਬਰ 2000 ਨੂੰ ਉੱਤਰਾਖੰਡ ਬਣਨ ਦੇ ਬਾਅਦ ਪਰਿਆਵਰਣ ਪਿੱਛੇ ਛੁੱਟ ਗਿਆ। ਵਿਕਾਸ ਦੀ ਦੌੜ ਵਿੱਚ ਸੈਰਸਪਾਟਾ ਤੇ ਬਿਜਲੀ ਉਤਪਾਦਨ ਅੱਗੇ ਆ ਗਏ। ਪਰਿਆਵਰਣ ਦੀ ਰਾਖੀ ਲਈ ਅੰਦੋਲਨ ਕਰਨ ਵਾਲਿਆਂ ਨੂੰ ਤਾਕਤ ਨਾਲ ਦਬਾਅ ਦਿੱਤਾ ਗਿਆ। ਧਰਾਲੀ ਦੀ ਤਬਾਹੀ ਨੇ ਫਿਰ ਚੇਤੇ ਕਰਾਇਆ ਹੈ ਕਿ ਕੁਦਰਤ ਨਾਲ ਖਿਲਵਾੜ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਵਿਕਾਸ ਤੇ ਪਰਿਆਵਰਣ ਵਿਚਾਲੇ ਸੰਤੁਲਨ ਜ਼ਰੂਰੀ ਹੈ। ਮੌਸਮ ਦੇ ਬਿਹਤਰ ਪੂਰਵ ਅਨੁਮਾਨ, ਜੰਗਲਾਂ ਦੀ ਰਾਖੀ ਤੇ ਮਲਬੇ ਦੇ ਸਹੀ ਨਿਬੇੜੇ ਨਾਲ ਹੀ ਆਫਤਾਂ ਤੋਂ ਬਚਿਆ ਜਾ ਸਕਦਾ ਹੈ। ਵਿਕਾਸ ਦੀ ਧਾਰਨਾ ’ਤੇ ਨਜ਼ਰਸਾਨੀ ਕਰਨ ਦੀ ਫੌਰੀ ਲੋੜ ਹੈ, ਨਹੀਂ ਤਾਂ ਤਬਾਹੀ ਨਹੀਂ ਰੁਕਣੀ।