ਨਵੀਂ ਦਿੱਲੀ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ ਵੋਟਰ ਸੂਚੀਆਂ ’ਚ ਵੱਡੇ ਪੱਧਰ ’ਤੇ ਹੇਰਾਫੇਰੀ ਕਰਕੇ ਭਾਜਪਾ ਨੂੰ ਫਾਇਦਾ ਪਹੁੰਚਾਇਆ ਗਿਆ। ਉਨ੍ਹਾ ‘ਵੋਟ ਚੋਰੀ’ ਦੇ ਸਿਰਲੇਖ ਹੇਠ ਪੱਤਰਕਾਰਾਂ ਅੱਗੇ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦੇ ਅੰਕੜੇ ਰੱਖਦੇ ਹੋਏ ਹੇਰਾਫੇਰੀ ਦਾ ਦਾਅਵਾ ਕੀਤਾ। ਰਾਹੁਲ ਗਾਂਧੀ ਨੇ ਦੱਸਿਆ ਕਿ ‘ਚੋਣ ਹੇਰਾਫੇਰੀ’ ਦੇ ਸਬੂਤ ਇਕੱਤਰ ਕਰਨ ਵਿੱਚ ਕੁੱਲ ਛੇ ਮਹੀਨਿਆਂ ਦਾ ਸਮਾਂ ਲੱਗਾ।
ਉਨ੍ਹਾ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਵੋਟਰ ਸੂਚੀਆਂ ਨੂੰ ‘ਮਸ਼ੀਨ ਦੇ ਪੜ੍ਹਨ ਯੋਗ’ (ਮਸ਼ੀਨ ਰੀਡੇਬਲ) ਵਾਲਾ ਡੇਟਾ ਮੁਹੱਈਆ ਨਹੀਂ ਕਰਵਾ ਰਿਹਾ, ਤਾਂ ਕਿ ਇਹ ਚੋਰੀ ਫੜੀ ਨਾ ਜਾਵੇ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾ ਦੀ ਟੀਮ ਨੇ ਬੇਂਗਲੁਰੂ (ਕੇਂਦਰੀ) ਲੋਕ ਸਭਾ ਸੀਟ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੇ ਡੇਟਾ ਦੀ ਸਮੀਖਿਆ ਕੀਤੀ ਤੇ ਇਸ ਦੌਰਾਨ ਗੜਬੜੀ ਦਾ ਪਤਾ ਲੱਗਾ। ਉਨ੍ਹਾ ਦਾਅਵਾ ਕੀਤਾ ਕਿ ਭਾਜਪਾ ਬੇਂਗਲੁਰੂ ਕੇਂਦਰੀ ਲੋਕ ਸਭਾ ਸੀਟ ਦੇ ਸਾਰੇ ਸੱਤ ਵਿਧਾਨ ਸਭਾ ਹਲਕਿਆਂ ’ਚੋਂ 6 ਵਿੱਚ ਪੱਛੜ ਗਈ, ਪਰ ਮਹਾਦੇਵਪੁਰਾ ’ਚ ਉਸ ਨੂੰ ਇਕਤਰਫਾ ਵੋਟਾਂ ਮਿਲੀਆਂ।
ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਵਿੱਚ 1,00,250 ਵੋਟਾਂ ਚੋਰੀ ਹੋਈਆਂ ਸਨ। ਉਨ੍ਹਾ ਕਿਹਾ, ‘‘ਇੱਕ ਪਤੇ ’ਤੇ 50-50 ਵੋਟਰ ਸਨ… ਕਈ ਥਾਵਾਂ ’ਤੇ ਨਾਂਅ ਇੱਕੋ ਜਿਹੇ ਸਨ, ਫੋਟੋਆਂ ਵੱਖਰੀਆਂ ਸਨ।’’ ਕਾਂਗਰਸ ਆਗੂ ਨੇ ਕਿਹਾ, ‘‘ਸਾਡੇ ਸੰਵਿਧਾਨ ਵਿੱਚ ਜੋ ਗੱਲਾਂ ਹਨ ਉਹ ਇਸ ਤੱਥ ’ਤੇ ਅਧਾਰਤ ਹਨ ਕਿ ਇੱਕ ਵਿਅਕਤੀ ਨੂੰ ਇੱਕ ਵੋਟ ਦਾ ਅਧਿਕਾਰ ਹੋਵੇਗਾ। ਸਵਾਲ ਇਹ ਹੈ ਕਿ ਹੁਣ ਇਹ ਵਿਚਾਰ ਕਿੰਨਾ ਸੁਰੱਖਿਅਤ ਹੈ ਕਿ ਇੱਕ ਵਿਅਕਤੀ ਨੂੰ ਇੱਕ ਵੋਟ ਦਾ ਅਧਿਕਾਰ ਮਿਲੇਗਾ?’’ ਰਾਹੁਲ ਗਾਂਧੀ ਨੇ ਕਿਹਾ, ‘‘ਕੁਝ ਸਮੇਂ ਤੋਂ ਜਨਤਾ ਵਿੱਚ ਇੱਕ ਸ਼ੱਕ ਸੀ। ਪਾਰਟੀਆਂ ਵਿਰੁੱਧ ਸੱਤਾ ਵਿਰੋਧੀ ਮਾਹੌਲ ਬਣਾਇਆ ਜਾ ਰਿਹਾ ਹੈ, ਪਰ ਭਾਜਪਾ ਇੱਕੋ-ਇੱਕ ਪਾਰਟੀ ਹੈ ਜਿਸ ਵਿਰੁੱਧ ਇਹ ਮਾਹੌਲ ਮੌਜੂਦ ਨਹੀਂ ਹੈ।’’
ਰਾਹੁਲ ਮੁਤਾਬਕ ਮਹਾਂਦੇਵਪੁਰਾ ਹਲਕੇ ਵਿੱਚ 100250 ਵੋਟਾਂ ਦੀ ਚੋਰੀ ਹੋਈ। 11965 ਡੁਪਲੀਕੇਟ ਵੋਟਰ ਮਿਲੇ, 40009 ਜਾਲ੍ਹੀ ਤੇ ਗਲਤ ਪਤੇ ਵਾਲੇ ਵੋਟਰ ਮਿਲੇ, 10452 ਵਿੱਚੋਂ ਬਹੁਤੇ ਇੱਕੋ ਥਾਂ ਰਹਿਣ ਵਾਲੇ ਵੋਟਰ ਮਿਲੇ, 4132 ਬਿਨਾਂ ਫੋਟੋ ਵਾਲੇ ਵੋਟਰ ਮਿਲੇ ਤੇ ਨਵੇਂ ਵੋਟਰ ਦੀ ਰਜਿਸਟ੍ਰੇਸ਼ਨ ਲਈ ਫਾਰਮ-6 ਦੀ ਦੁਰਵਰਤੋਂ ਨਾਲ 33692 ਨਵੇਂ ਵੋਟਰ ਜੋੜੇ ਗਏ। ਗੁਰਕੀਰਤ ਸਿੰਘ ਡਾਂਗ ਦਾ ਨਾਂਅ ਇੱਕੋ ਹਲਕੇ ਦੇ ਚਾਰ ਬੂਥਾਂ ’ਤੇ ਬੋਲਦਾ ਸੀ। ਅਜਿਹੀਆਂ ਹਜ਼ਾਰਾਂ ਮਿਸਾਲਾਂ ਹਨ।
ਆਦਿਤਿਆ ਸ੍ਰੀਵਾਸਤਵ ਕਰਨਾਟਕ, ਲਖਨਊ, ਕਾਨਪੁਰ ਤੇ ਮਹਾਰਾਸ਼ਟਰ ਵਿੱਚ ਵੋਟ ਪਾਉਦਾ ਹੈ। 11 ਹਜ਼ਾਰ ਅਜਿਹੇ ਵੋਟਰ ਮਿਲੇ, ਜਿਹੜੇ ਕਈ ਥਾਈਂ ਵੋਟ ਪਾਉਦੇ ਹਨ। ਰਾਹੁਲ ਨੇ ਦੱਸਿਆ ਕਿ ਹਾਊਸ ਨੰਬਰ 85 ਵਿੱਚ 80 ਵੋਟਰ ਮਿਲੇ। ਜਦੋਂ ਕਾਂਗਰਸ ਦੀ ਟੀਮ ਉੱਥੇ ਗਈ ਤਾਂ ਉਸ ਨੂੰ ਕੁੱਟਿਆ ਗਿਆ। 70 ਸਾਲਾ ਸ਼ਕੁਨ ਰਾਣੀ ਨੂੰ 13 ਸਤੰਬਰ 2023 ਤੇ 31 ਅਕਤੂਬਰ 2013 ਨੂੰ ਵੋਟਰ ਬਣਾਇਆ ਗਿਆ।
ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਵੇਖਣ ਕੁਝ ਕਹਿ ਰਹੇ ਸਨ, ਪਰ ਨਤੀਜੇ ਕੁਝ ਹੋਰ ਹੀ ਨਿਕਲੇ। ਕਾਂਗਰਸ ਨੇਤਾ ਨੇ ਕਿਹਾ, ‘‘ਜਦੋਂ ਈ ਵੀ ਐੱਮ ਨਹੀਂ ਸਨ, ਤਾਂ ਪੂਰਾ ਦੇਸ਼ ਇੱਕ ਦਿਨ ਵੋਟ ਪਾਉਂਦਾ ਸੀ, ਪਰ ਅੱਜ ਦੇ ਯੁੱਗ ਵਿੱਚ, ਵੋਟਿੰਗ ਕਈ ਪੜਾਵਾਂ ਵਿੱਚ ਹੁੰਦੀ ਹੈ… ਇਸ ਲਈ ਲੰਬੇ ਸਮੇਂ ਤੋਂ ਸ਼ੱਕ ਜਤਾਇਆ ਜਾ ਰਿਹਾ ਸੀ।’’ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ, ਮਹਾਰਾਸ਼ਟਰ ਵਿੱਚ ਪੰਜ ਮਹੀਨਿਆਂ ਅੰਦਰ ਇੰਨੇ ਵੋਟਰਾਂ ਦੇ ਨਾਂਅ ਜੋੜੇ ਗਏ, ਜੋ ਪਹਿਲੇ ਪੰਜ ਸਾਲਾਂ ਦੀ ਮਿਆਦ ਵਿੱਚ ਨਹੀਂ ਜੋੜੇ ਗਏ ਸਨ। ਉਨ੍ਹਾ ਕਿਹਾ, ‘‘ਮਹਾਰਾਸ਼ਟਰ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਕਰੋੜ ਵੋਟਰ ਵਧੇ। ਅਸੀਂ ਚੋਣ ਕਮਿਸ਼ਨ ਕੋਲ ਗਏ…ਅਸੀਂ ਪੂਰੇ ਯਕੀਨ ਨਾਲ ਕਿਹਾ ਕਿ ਮਹਾਰਾਸ਼ਟਰ ਵਿੱਚ ਚੋਣ ਚੋਰੀ ਹੋਈ ਸੀ।’’ ਉਨ੍ਹਾ ਮੁਤਾਬਕ ਚੋਣ ਕਮਿਸ਼ਨ ਨੇ ‘ਮਸ਼ੀਨ ਰੀਡੇਬਲ’ ਵੋਟਰ ਸੂਚੀ ਦੇਣ ਤੋਂ ਇਨਕਾਰ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ, ‘‘ਪਹਿਲਾਂ ਸਾਡੇ ਕੋਲ ਇਸ ਗੱਲ ਦਾ ਸਬੂਤ ਨਹੀਂ ਸੀ ਕਿ ਭਾਜਪਾ ਨਾਲ ਮਿਲੀਭੁਗਤ ਕਰਕੇ ਹੇਰਾਫੇਰੀ ਕੀਤੀ ਜਾ ਰਹੀ ਹੈ… ਇਸ ਤੋਂ ਬਾਅਦ ਅਸੀਂ ਪਤਾ ਲਗਾਉਣ ਦਾ ਫੈਸਲਾ ਕੀਤਾ।’’
ਰਾਹੁਲ ਗਾਂਧੀ ਨੇ 1 ਅਗਸਤ ਨੂੰ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ‘ਵੋਟ ਚੋਰੀ’ ਵਿੱਚ ਸ਼ਾਮਲ ਹੈ ਅਤੇ ਉਨ੍ਹਾ ਕੋਲ ਇੰਨੇ ਪੱਕੇ ਸਬੂਤ ਹਨ, ਜੋ ‘ਐਟਮ ਬੰਬ’ ਵਾਂਗ ਹਨ, ਜਿਸ ਤੋਂ ਬਾਅਦ ਕਮਿਸ਼ਨ ਨੂੰ ਮੂੰਹ ਲੁਕਾਉਣ ਲਈ ਕੋਈ ਥਾਂ ਨਹੀਂ ਮਿਲੇਗੀ। ਚੋਣ ਕਮਿਸ਼ਨ ਨੇ ਹਾਲਾਂਕਿ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਨਿੰਦਣਯੋਗ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਹੁਣ ਸਾਬਕਾ ਕਾਂਗਰਸ ਪ੍ਰਧਾਨ ਨੇ ਵੀ ਕਮਿਸ਼ਨ ਅਤੇ ਇਸ ਦੇ ਕਰਮਚਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਰਾਹੁਲ ਦੀ ਪ੍ਰੈੱਸ ਕਾਨਫਰੰਸ ਚੱਲ ਹੀ ਰਹੀ ਸੀ ਕਿ ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ਉਨ੍ਹਾ ਨੂੰ ਪੱਤਰ ਭੇਜ ਕੇ ਕਿਹਾ ਕਿ ਉਹ ਹਟਾਏ ਗਏ ਵੋਟਰਾਂ ਤੇ ਨਾਜਾਇਜ਼ ਵੋਟਰਾਂ ਦੇ ਨਾਂਅ ਦੱਸ ਕੇ ਹਲਫਨਾਮਾ ਭੇਜਣ। ਇਸ ਦਾ ਜਵਾਬ ਦਿੰਦਿਆਂ ਰਾਹੁਲ ਨੇ ਪ੍ਰੈੱਸ ਕਾਨਫਰੰਸ ਵਿੱਚ ਹੀ ਕਿਹਾ, ‘ਮੈਂ ਸਿਆਸਤਦਾਨ ਹਾਂ। ਮੈਂ ਜੋ ਲੋਕਾਂ ਵਿੱਚ ਕਹਿੰਦਾ ਹਾਂ, ਉਹ ਮੇਰਾ ਵਚਨ ਹੁੰਦਾ ਹੈ। ਮੈਂ ਸਭ ਤੋਂ ਜਨਤਕ ਤੌਰ ’ਤੇ ਕਹਿ ਰਿਹਾ ਹਾਂ। ਇਸ ਨੂੰ ਹੀ ਹਲਫਨਾਮਾ ਸਮਝਿਆ ਜਾਵੇ। ਮੈਂ ਚੋਣ ਕਮਿਸ਼ਨ ਦਾ ਹੀ ਡੇਟਾ ਦਿਖਾ ਰਿਹਾ ਹਾਂ।’



