ਨਵੀਂ ਦਿੱਲੀ : 21 ਜੁਲਾਈ ਨੂੰ ਸਿਹਤ ਠੀਕ ਨਾ ਹੋਣ ਦਾ ਕਾਰਨ ਦੱਸ ਕੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਗਦੀਪ ਧਨਖੜ ਬਾਰੇ ਕੋਈ ਜਾਣਕਾਰੀ ਨਾ ਮਿਲਣ ’ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਹੈਰਾਨੀ ਜ਼ਾਹਰ ਕੀਤੀ ਹੈ। ਉਨ੍ਹਾ ਸਨਿੱਚਰਵਾਰ ਸਵੇਰੇ ਐੱਕਸ ’ਤੇ ਪੋਸਟ ਪਾ ਕੇ ਲਿਖਿਆਉਪ ਰਾਸ਼ਟਰਪਤੀ ਜਗਦੀਪ ਧਨਖੜ, ਕੀ ਸਾਨੂੰ ਦੱਸਿਆ ਜਾ ਸਕਦਾ ਹੈ, ਉਹ ਕਿੱਥੇ ਹਨ? ਕੀ ਉਹ ਸਲਾਮਤ ਹਨ? ਉਨ੍ਹਾ ਨਾਲ ਸੰਪਰਕ ਕਿਉ ਨਹੀਂ ਹੋ ਪਾ ਰਿਹੈ? ਅਮਿਤ ਸ਼ਾਹ ਜੀ ਨੂੰ ਪਤਾ ਹੋਣਾ ਚਾਹੀਦੈ! ਉਹ ਸਾਡੇ ਉਪ ਰਾਸ਼ਟਰਪਤੀ ਸਨ; ਦੇਸ਼ ਨੂੰ ਚਿੰਤਾ ਹੋਣੀ ਚਾਹੀਦੀ।
ਸਿੱਬਲ ਨੇ ਅੱਗੇ ਲਿਖਿਆ ਹੈਉਨ੍ਹਾ ਦੇ ਅਸਤੀਫੇ ਦੇ ਬਾਅਦ ਸਾਨੂੰ ਉਨ੍ਹਾ ਦੇ ਟਿਕਾਣੇ ਬਾਰੇ ਕੁਝ ਨਹੀਂ ਪਤਾ। ਮੈਂ ਪਹਿਲਾਂ ‘ਲਾਪਤਾ ਲੇਡੀਜ਼’ ਬਾਰੇ ਸੁਣਿਆ ਸੀ, ਪਰ ‘ਲਾਪਤਾ’ ਉਪ ਰਾਸ਼ਟਰਪਤੀ ਬਾਰੇ ਪਹਿਲੀ ਵਾਰ ਸੁਣਿਆ ਹੈ। ਇੰਜ ਲੱਗਦਾ ਹੈ ਕਿ ਆਪੋਜ਼ੀਸ਼ਨ ਨੂੰ ਉਨ੍ਹਾ ਨੂੰ ਬਚਾਉਣਾ ਪੈਣਾ। ਮੈਂ ਪਹਿਲਾਂ ਉਨ੍ਹਾ ਨੂੰ ਫੋਨ ਕੀਤਾ ਸੀ, ਉਨ੍ਹਾ ਦੇ ਪੀ ਏ ਨੇ ਫੋਨ ਚੁੱਕਿਆ ਤੇ ਕਿਹਾ ਕਿ ਉਹ ਆਰਾਮ ਕਰ ਰਹੇ ਹਨ। ਇਸ ਦੇ ਬਾਅਦ ਕੋਈ ਵੀ ਫੋਨ ਦਾ ਜਵਾਬ ਨਹੀਂ ਦੇ ਰਿਹਾ। ਕਈ ਆਗੂਆਂ ਨੇ ਇਹ ਵੀ ਕਿਹਾ ਕਿ ਉਹ ਫੋਨ ਦਾ ਜਵਾਬ ਨਹੀਂ ਦੇ ਰਹੇ ਹਨ। ਤਾਂ ਅਸੀਂ ਕੀ ਕਰੀਏ? ਕੀ ਸਾਨੂੰ ਬੰਦੀ ਪ੍ਰਤੱਖੀਕਰਨ ਅਰਜ਼ੀ ਜਾਂ ਕੋਈ ਹੋਰ ਅਰਜ਼ੀ ਦੇਣੀ ਚਾਹੀਦੀ ਹੈ। ਗ੍ਰਹਿ ਮੰਤਰਾਲੇ ਕੋਲ ਉਨ੍ਹਾ ਬਾਰੇ ਜਾਣਕਾਰੀ ਹੋਵੇਗੀ, ਇਸ ਲਈ ਅਮਿਤ ਸ਼ਾਹ ਨੂੰ ਇਸ ਬਾਰੇ ਬਿਆਨ ਜਾਰੀ ਕਰਨਾ ਚਾਹੀਦਾ ਹੈ। ਮੈਨੂੰ ਉਨ੍ਹਾ ਦੀ ਚਿੰਤਾ ਹੈ।



