ਸ੍ਰੀਨਗਰ/ਖੰਨਾ (ਸੁਖਵਿੰਦਰ ਸਿੰਘ ਭਾਦਲਾ)-ਕੁਲਗਾਮ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨਾਲ ਜਾਰੀ ਮੁਕਾਬਲੇ ’ਚ ਸ਼ੁੱਕਰਵਾਰ ਰਾਤ ਦੋ ਜਵਾਨ ਸ਼ਹੀਦ ਤੇ ਦੋ ਜ਼ਖਮੀ ਹੋ ਗਏ। ਸ਼ਹੀਦ ਜਵਾਨਾਂ ਦੀ ਪਛਾਣ ਲਾਂਸ ਨਾਇਕ ਪਿ੍ਰਤਪਾਲ ਸਿੰਘ ਤੇ ਸਿਪਾਹੀ ਹਰਮਿੰਦਰ ਸਿੰਘ ਵਜੋਂ ਦੱਸੀ ਗਈ ਹੈ।
ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲੀ ਇਲਾਕੇ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱੱਢਿਆ ਅਪ੍ਰੇਸ਼ਨ ਸਨਿੱਚਰਵਾਰ ਨੌਵੇਂ ਦਿਨ ਵੀ ਜਾਰੀ ਰਿਹਾ। ਹੁਣ ਤੱਕ ਦੋ ਦਹਿਸ਼ਤਗਰਦ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ ਜੰਗਲੀ ਖੇਤਰ ਵਿੱਚ ਦਹਿਸ਼ਤਗਰਦਾਂ ਦਾ ਪਤਾ ਲਗਾਉਣ ਲਈ ਡਰੋਨ ਅਤੇ ਹੈਲੀਕਾਪਟਰਾਂ ਨੂੰ ਸੇਵਾ ਵਿੱਚ ਲਗਾਇਆ ਹੈ। ਪੈਰਾ ਕਮਾਂਡੋ ਵੀ ਮਦਦ ਕਰ ਰਹੇ ਹਨ। 26 ਸਾਲਾ ਹਰਮਿੰਦਰ ਸਿੰਘ ਅਮਲੋਹ ਬਲਾਕ ਦੇ ਪਿੰਡ ਬਦੀਨਪੁਰ ਦਾ ਸੀ। ਉਹ ਸਾਢੇ ਸਤਾਰਾਂ ਸਾਲ ਦੀ ਉਮਰ ਵਿੱਚ ਭਰਤੀ ਹੋਇਆ ਸੀ ਤੇ ਉਸ ਦੀ ਦੋ ਸਾਲ ਨੌਕਰੀ ਰਹਿੰਦੀ ਸੀ। ਉਸ ਦਾ ਇੱਕ ਭਰਾ ਅਤੇ ਇੱਕ ਭੈਣ ਹੈ। ਉਸ ਦੇ ਪਿਤਾ ਅਮਲੋਹ-ਖੰਨਾ ਸੜਕ ’ਤੇ ਪੈਂਚਰ ਲਾਉਣ ਦਾ ਕੰਮ ਕਰਦੇ ਹਨ। ਭਰਾ ਗ੍ਰੀਸ ’ਚ ਹੈ।
ਹਰਬੰਸ ਸਿੰਘ ਦਾ 29 ਸਾਲਾ ਬੇਟਾ ਪਿ੍ਰਤਪਾਲ ਖੰਨਾ ਨੇੜਲੇ ਪਿੰਡ ਮਾਨੂੰਪੁਰ ਦਾ ਸੀ। ਉਸ ਦਾ 24 ਫਰਵਰੀ ਨੂੰ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਦੋ ਭਰਾ ਤੇ ਪਤਨੀ ਮਨਪ੍ਰੀਤ ਕੌਰ ਛੱਡ ਗਿਆ ਹੈ। ਪਿ੍ਰਤਪਾਲ ਦੇ ਚਾਚਾ ਤੇ ਤਾਇਆ ਵੀ ਫੌਜ ਵਿੱਚ ਰਹੇ ਹਨ।





