ਚੋਣ ਕਮਿਸ਼ਨ ਨੂੰ ਜਵਾਬਦੇਹ ਬਣਾਉਣ ਲਈ ਕਾਂਗਰਸ ਵੱਲੋਂ ਵੈੱਬ ਪੇਜ ਸ਼ੁਰੂ

0
110

ਨਵੀਂ ਦਿੱਲੀ : ਚੋਣਾਂ ਵਿੱਚ ਹੇਰਾਫੇਰੀ ਦੇ ਰਾਹੁਲ ਗਾਂਧੀ ਦੇ ਦਾਅਵਿਆਂ ਬਾਰੇ ਵਧਦੇ ਵਿਵਾਦ ਦਰਮਿਆਨ ਕਾਂਗਰਸ ਨੇ ਹੁਣ ‘ਵੈੱਬ ਪੇਜ’ ਸ਼ੁਰੂ ਕੀਤਾ ਹੈ। ਲੋਕ ਇਸ ਵੈੱਬ ਪੇਜ ’ਤੇ ਜਾ ਕੇ ‘ਵੋਟ ਚੋਰੀ’ ਖਿਲਾਫ ਚੋਣ ਕਮਿਸ਼ਨ ਤੋਂ ਜਵਾਬਦੇਹੀ ਦੀ ਮੰਗ ਅਤੇ ਸਾਬਕਾ ਕਾਂਗਰਸ ਪ੍ਰਧਾਨ ਦੀ ਡਿਜੀਟਲ ਵੋਟਰ ਸੂਚੀ ਦੀ ਮੰਗ ਦੀ ਹਮਾਇਤ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਸਨ।
ਕੋਈ ਵੀ ਵਿਅਕਤੀ ਇਸ ਪੋਰਟਲ ਲਿੰਕ ’ਤੇ ਕਲਿੱਕ ਕਰਕੇ ‘ਵੋਟਰ ਚੋਰੀ ਦਾ ਸਬੂਤ, ਚੋਣ ਕਮਿਸ਼ਨ ਤੋਂ ਜਵਾਬਦੇਹੀ ਦੀ ਮੰਗ ਤੇ ਵੋਟ ਚੋਰੀ ਦੀ ਰਿਪੋਰਟ’ ਡਾਊਨਲੋਡ ਕਰ ਸਕਦਾ ਹੈ। ਇਸ ਵੈੱਬ ਪੇਜ ’ਤੇ ਰਾਹੁਲ ਦਾ ਇੱਕ ਵੀਡੀਓ ਵੀ ਹੈ, ਜਿਸ ਵਿੱਚ ਉਹ ਭਾਜਪਾ ਤੇ ਚੋਣ ਕਮਿਸ਼ਨ ਵਿਚਾਲੇ ਮਿਲੀਭੁਗਤ ਨਾਲ ਚੋਣਾਂ ਵਿੱਚ ‘ਵੱਡੀ ਅਪਰਾਧਕ ਹੇਰਾਫੇਰੀ’ ਦੇ ਆਪਣੇ ਵਿਸਫੋਟਕ ਦਾਅਵਿਆਂ ਨੂੰ ਦੁਹਰਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾ ਕਰਨਾਟਕ ਦੇ ਇੱਕ ਅਸੈਂਬਲੀ ਹਲਕੇ ਮਹਾਦੇਵਪੁਰਾ ਦੀ ਸਮੀਖਿਆ ਦਾ ਹਵਾਲਾ ਦਿੰਦੇ ਹੋਏ ਇਸ ਨੂੰ ‘ਸੰਵਿਧਾਨ ਖਿਲਾਫ ਅਪਰਾਧ’ ਦੱਸਿਆ ਹੈ। ਪੋਰਟਲ ’ਤੇ ਇਕ ਸੰਦੇਸ਼ ਵੀ ਹੈ, ਜਿਸ ਵਿੱਚ ਕਿਹਾ ਗਿਆ ਹੈ, ‘‘ਵੋਟ ਸਾਡੀ ਜਮਹੂਰੀਅਤ ਦੀ ਨੀਂਹ ਹੈ, ਪਰ ਭਾਜਪਾ ਵੱਲੋਂ ਇਸ ’ਤੇ ਗਿਣਮਿੱਥ ਕੇ ਹਮਲਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਚੋਣ ਕਮਿਸ਼ਨ ਵੀ ਸ਼ਾਮਲ ਹੈ।’’
ਸੰਦੇਸ਼ ਵਿਚ ਕਿਹਾ ਗਿਆ ਹੈ, ‘‘ਬੇਂਗਲੁਰੂ ਕੇਂਦਰੀ ਲੋਕ ਸਭਾ ਹਲਕੇ ਦੇ ਸਿਰਫ ਇੱਕ ਵਿਧਾਨ ਸਭਾ ਹਲਕੇ ’ਚ ਸਾਨੂੰ ਇਕ ਲੱਖ ਤੋਂ ਵੱਧ ਫਰਜ਼ੀ ਵੋਟਰ ਮਿਲੇ, ਜਿਨ੍ਹਾਂ ਭਾਜਪਾ ਨੂੰ ਇਕ ਲੋਕ ਸਭਾ ਸੀਟ ਜਿੱਤਣ ਵਿਚ ਮਦਦ ਕੀਤੀ। ਸੋਚ ਕੇ ਦੇਖੋ ਕਿ ਜੇ ਅਜਿਹਾ 70 ਤੋਂ 100 ਸੀਟਾਂ ’ਤੇ ਹੋ ਰਿਹਾ ਹੈ ਤਾਂ ਇਹ ਨਿਰਪੱਖ ਚੋਣਾਂ ਦੇ ਆਸ਼ੇ ਨੂੰ ਖਤਮ ਕਰ ਦੇਵੇਗਾ।’’
ਪੋਰਟਲ ’ਤੇ ਲਿਖੇ ਸੰਦੇਸ਼ ਮੁਤਾਬਕ, ‘‘ਕਾਂਗਰਸ ਤੇ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਨੇ ਮਹਾਰਾਸ਼ਟਰ ਸਣੇ ਹੋਰਨਾਂ ਖੇਤਰਾਂ ਨੂੰ ਲੈ ਕੇ ਪਹਿਲਾਂ ਹੀ ਫਿਕਰ ਜਤਾਇਆ ਹੈ। ਹੁਣ ਸਾਡੇ ਕੋਲ ਸਬੂਤ ਹਨ। ਅਸੀਂ ਇਸ ਵੋਟ ਚੋਰੀ ਖਿਲਾਫ ਪੂਰੀ ਤਾਕਤ ਨਾਲ ਲੜਾਂਗੇ। ਸਾਡੇ ਲੋਕਤੰਤਰ ਨੂੰ ਬਚਾਉਣ ਲਈ ਸਾਡੇ ਨਾਲ ਜੁੜੋ।’’ ਇਸ ਵਿੱਚ ਲਿਖਿਆ ਹੈ ਕਿ ਜੇ ਕੋਈ ਵਿਅਕਤੀ ਇੱਕ ਵਾਰ ਰਜਿਸਟਰੇਸ਼ਨ ਕਰਵਾ ਲੈਂਦਾ ਹੈ, ਤਾਂ ਉਸ ਦੇ ਨਾਂਅ ’ਤੇ ਇਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਲਿਖਿਆ ਹੋਵੇਗਾ ਕਿ ਉਹ ‘ਵੋਟ ਚੋਰੀ’ ਖਿਲਾਫ ਹੈ। ਸਰਟੀਫਿਕੇਟ ਵਿਚ ਲਿਖਿਆ ਹੈ, ‘‘ਮੈਂ ਚੋਣ ਕਮਿਸ਼ਨ ਤੋਂ ਡਿਜੀਟਲ ਵੋਟਰ ਸੂਚੀ ਦੀ ਰਾਹੁਲ ਗਾਂਧੀ ਦੀ ਮੰਗ ਦੀ ਹਮਾਇਤ ਕਰਦਾ ਹਾਂ।’’ ਇਹ ਪੋਰਟਲ ਲੋਕਾਂ ਨੂੰ ਫੋਨ ਰਾਹੀਂ ਅਤੇ ਐੱਸ ਐੱਮ ਐੱਸ ਵਿੱਚ ਦਿੱਤੇ ਲਿੰਕ ਨੂੰ ਭਰ ਕੇ ਰਜਿਸਟਰ ਕਰਨ ਦਾ ਬਦਲ ਵੀ ਦਿੰਦਾ ਹੈ। ਸਰਟੀਫਿਕੇਟ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਖਜ਼ਾਨਚੀ ਅਜੈ ਮਾਕਨ ਦੇ ਦਸਤਖਤ ਹਨ। ਕਈ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਨੇ ਪੋਰਟਲ ’ਤੇ ਰਜਿਸਟਰ ਕੀਤਾ ਅਤੇ ਸਰਟੀਫਿਕੇਟ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ।