ਨਵੀਂ ਦਿੱਲੀ : ਸੀਨੀਅਰ ਕਾਂਗਰਸ ਆਗੂ ਤੇ ਸੰਸਦ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਕੇ ਸੀ ਵੇਣੂਗੋਪਾਲ ਨੇ ਦਾਅਵਾ ਕੀਤਾ ਹੈ ਕਿ ਤਿਰੁਅਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ, ਜਿਸ ਵਿੱਚ ਉਹ ਖੁਦ ਤੇ ਕਈ ਹੋਰ ਸੰਸਦ ਮੈਂਬਰ ਸਵਾਰ ਸਨ, ਇੱਕ ਭਿਆਨਕ ਤੇ ਵੱਡੇ ਦੁਖਾਂਤ ਦੇ ਬਹੁਤੇ ਨੇੜਿਓਂ ਲੰਘੀ।
ਵੇਣੂਗੋਪਾਲ ਨੇ ਐਤਵਾਰ ਰਾਤੀਂ ਐੱਕਸ ’ਤੇ ਇਕ ਪੋਸਟ ਵਿੱਚ ਕਿਹਾ, ‘ਏਅਰ ਇੰਡੀਆ ਦੇ ਜਹਾਜ਼ ਵਿੱਚ ਤਿਰੁਅਨੰਤਪੁਰਮ ਤੋਂ ਦਿੱਲੀ ਲਈ ਦੇਰੀ ਨਾਲ ਸ਼ੁਰੂ ਹੋਇਆ ਸਫਰ ਦੁਖਦਾਈ ਯਾਤਰਾ ਵਿੱਚ ਬਦਲ ਗਿਆ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਸਾਨੂੰ ਬੇਮਿਸਾਲ ਗੜਬੜ ਦਾ ਸਾਹਮਣਾ ਕਰਨਾ ਪਿਆ। ਕਰੀਬ ਇੱਕ ਘੰਟੇ ਬਾਅਦ ਕੈਪਟਨ ਨੇ ਫਲਾਈਟ ਸਿਗਨਲ ਵਿੱਚ ਖਰਾਬੀ ਦਾ ਐਲਾਨ ਕੀਤਾ ਅਤੇ (ਜਹਾਜ਼) ਚੇਨਈ ਵੱਲ ਮੋੜ ਦਿੱਤਾ…। ਕਰੀਬ ਦੋ ਘੰਟੇ ਤੱਕ ਅਸੀਂ ਹਵਾਈ ਅੱਡੇ ਦੇ ਆਲੇ-ਦੁਆਲੇ ਲੈਂਡਿੰਗ ਲਈ ਕਲੀਅਰੈਂਸ ਦੀ ਉਡੀਕ ਕਰਦੇ ਰਹੇ…ਜਦੋਂ ਤੱਕ ਸਾਡੀ ਪਹਿਲੀ ਕੋਸ਼ਿਸ਼ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲਾ ਪਲ ਨਹੀਂ ਆਇਆ। ਦੱਸਿਆ ਜਾਂਦਾ ਹੈ ਕਿ ਇੱਕ ਹੋਰ ਜਹਾਜ਼ ਕਥਿਤ ਤੌਰ ’ਤੇ ਉਸੇ ਰਨਵੇਅ ਉੱਤੇ ਸੀ। ਉਨ੍ਹਾਂ ਦੋ ਮਿੰਟਾਂ ਵਿੱਚ ਕੈਪਟਨ ਦੇ ਫੌਰੀ ਜਹਾਜ਼ ਉੱਪਰ ਖਿੱਚਣ ਦੇ ਫੈਸਲੇ ਨੇ ਜਹਾਜ਼ ਵਿੱਚ ਸਵਾਰ ਹਰ ਕਿਸੇ ਦੀ ਜਾਨ ਬਚਾਈ। ਦੂਜੀ ਕੋਸ਼ਿਸ਼ ਵਿੱਚ ਫਲਾਈਟ ਸੁਰੱਖਿਅਤ ਉਤਰ ਗਈ। ਸਾਨੂੰ ਪਾਇਲਟ ਦੀ ਚੌਕਸੀ ਤੇ ਕਿਸਮਤ ਨੇ ਬਚਾਇਆ। ਯਾਤਰੀਆਂ ਦੀ ਸੁਰੱਖਿਆ ਕਿਸਮਤ ’ਤੇ ਨਿਰਭਰ ਨਹੀਂ ਕਰ ਸਕਦੀ। ਮੈਂ ਇਸ ਘਟਨਾ ਦੀ ਤੁਰੰਤ ਜਾਂਚ ਕਰਨ, ਜਵਾਬਦੇਹੀ ਨਿਰਧਾਰਤ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਅਜਿਹੀਆਂ ਗਲਤੀਆਂ ਮੁੜ ਕਦੇ ਨਾ ਹੋਣ।’ ਉਧਰ ਏਅਰ ਇੰਡੀਆ ਨੇ ਵੇਣੂਗੋਪਾਲ ਨੂੰ ਐੱਕਸ ’ਤੇ ਜਵਾਬ ਦਿੰਦੇ ਹੋਏ ਕਿਹਾ, ‘ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸ਼ੱਕੀ ਤਕਨੀਕੀ ਸਮੱਸਿਆ ਤੇ ਖਰਾਬ ਮੌਸਮ ਕਰਕੇ ਹੀ ਫਲਾਈਟ ਨੂੰ ਚੇਨਈ ਵੱਲ ਮੋੜਨ ਦਾ ਇਹਤਿਆਤੀ ਫੈਸਲਾ ਲਿਆ ਗਿਆ। ਚੇਨਈ ਹਵਾਈ ਅੱਡੇ ’ਤੇ ਲੈਂਡਿੰਗ ਦੀ ਪਹਿਲੀ ਕੋਸ਼ਿਸ਼ ਦੌਰਾਨ ਚੇਨਈ ਏ ਟੀ ਸੀ (ਏਅਰ ਟਰੈਫਿਕ ਕੰਟਰੋਲ) ਵੱਲੋਂ ਗੋ-ਅਰਾਊਂਡ ਦਾ ਨਿਰਦੇਸ਼ ਦਿੱਤਾ ਗਿਆ ਸੀ, ਨਾ ਕਿ ਰਨਵੇਅ ’ਤੇ ਕਿਸੇ ਹੋਰ ਜਹਾਜ਼ ਦੀ ਮੌਜੂਦਗੀ ਕਾਰਨ… ਸਾਡੇ ਪਾਇਲਟ ਅਜਿਹੀਆਂ ਸਥਿਤੀਆਂ ਨੂੰ ਸੰਭਾਲਣ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਹਨ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਨੇ ਪੂਰੀ ਉਡਾਣ ਦੌਰਾਨ ਨਿਰਧਾਰਤ ਅਮਲ ਦੀ ਪਾਲਣਾ ਕੀਤੀ। ਅਸੀਂ ਸਮਝ ਸਕਦੇ ਹਾਂ ਕਿ ਅਜਿਹਾ ਤਜਰਬਾ ਬੇਚੈਨ ਕਰਨ ਵਾਲਾ ਹੋ ਸਕਦਾ ਹੈ ਅਤੇ ਇਸ ਡਾਈਵਰਸ਼ਨ ਕਾਰਨ ਤੁਹਾਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ। ਹਾਲਾਂਕਿ, ਸੁਰੱਖਿਆ ਹਮੇਸ਼ਾ ਸਾਡੀ ਤਰਜੀਹ ਹੁੰਦੀ ਹੈ।’




