ਬਟਾਲਾ : ਸੋਮਵਾਰ ਦੁਪਹਿਰ ਡੇਢ ਵਜੇ ਦੇ ਕਰੀਬ ਬਟਾਲਾ ਦੇ ਨਜ਼ਦੀਕੀ ਅੱਡਾ ਦਾਲਮ ਨੰਗਲ ਵਿਖੇ ਗੁਰੂ ਨਾਨਕ ਮੈਡੀਕਲ ਸਟੋਰ ਦੇ ਮਾਲਕ ਡਾਕਟਰ ਜੋਗਾ ਸਿੰਘ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਪਹਿਲਾਂ ਸਵੇਰੇ 9 ਵਜੇ ਦੇ ਕਰੀਬ ਅੱਡਾ ਵਡਾਲਾ ਬਾਂਗਰ ਵਿਖੇ ਖਹਿਰਾ ਮੈਡੀਕਲ ਸਟੋਰ ’ਤੇ ਗੋਲੀਆਂ ਚੱਲੀਆਂ ਸਨ।
ਡਾਕਟਰ ਜੋਗਾ ਸਿੰਘ ਮੈਡੀਕਲ ਸਟੋਰ ’ਤੇ ਬੈਠੇ ਹੋਏ ਸਨ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ’ਚੋਂ ਇੱਕ ਨੌਜਵਾਨ ਮੈਡੀਕਲ ਸਟੋਰ ਦੇ ਅੰਦਰ ਆਇਆ ਤੇ ਆਉਂਦਿਆਂ ਹੀ ਉਸ ਨੇ ਡਾਕਟਰ ਜੋਗਾ ਸਿੰਘ ’ਤੇ ਸਿੱਧੀਆਂ ਦੋ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਮੋਢੇ ਅਤੇ ਬਾਂਹ ’ਚ ਲੱਗੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਸਿਵਲ ਹਸਪਤਾਲ ਪਹੁੰਚ ਗਏ ਅਤੇ ਜੋਗਾ ਸਿੰਘ ਦੇ ਇਲਾਜ ਬਾਰੇ ਡਾਕਟਰਾਂ ਕੋਲੋਂ ਜਾਣਕਾਰੀ ਲਈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ।




