ਦੁਨੀਆ ’ਚ ਉੱਠ ਰਹੀਆਂ ਲਾਲ ਲਹਿਰਾਂ ਸੰਸਾਰ ਦੇ ਚੰਗੇ ਭਵਿੱਖ ਦਾ ਸੰਕੇਤ : ਜਗਰੂਪ

0
142

ਜਲਾਲਾਬਾਦ (ਰਣਬੀਰ ਕੌਰ ਢਾਬਾਂ,
ਜੰਗੀਰ ਕੌਰ, ਜੀਤ ਕੁਮਾਰ)
21 ਸਤੰਬਰ ਤੋਂ 25 ਸਤੰਬਰ ਚੰਡੀਗੜ੍ਹ ਵਿਖੇ ਹੋ ਰਹੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਮਹਾਂ ਸੰਮੇਲਨ ਦੀਆਂ ਤਿਆਰੀਆਂ ਵਜੋਂ ਇੱਥੇ ਸਥਾਨਕ ਸੁਤੰਤਰ ਭਵਨ ਵਿਖੇ ਦੋ ਰੋਜ਼ਾ ਵਲੰਟੀਅਰ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੱਗਭੱਗ ਪੰਜ ਜ਼ਿਲ੍ਹਿਆਂ ’ਚੋਂ ਚੁਣੇ ਹੋਏ ਵੱਡੀ ਗਿਣਤੀ ਵਿੱਚ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਵਲੰਟੀਅਰ ਸਾਥੀਆਂ ਨੂੰ ਸਿਧਾਂਤਕ ਤੌਰ ’ਤੇ ਤਿਆਰ ਕਰਨ ਲਈ ਵਿਸ਼ੇਸ਼ ਤੌਰ ’ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੈਂਪ ਦਾ ਉਦਘਾਟਨ ਸੀ ਪੀ ਆਈ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨੇ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਪੂਰੀ ਤਰ੍ਹਾਂ ਸਿੱਖਿਅਤ ਹੋਏ ਲਾਲ ਵਲੰਟੀਅਰ ਸੀ ਪੀ ਆਈ ਦੇ ਮਹਾਂ ਸੰਮੇਲਨ ਦੀ ਸਫ਼ਲਤਾ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ।
ਵਲੰਟੀਅਰ ਟਰੇਨਿੰਗ ਕੈਂਪ ਦੇ ਪਹਿਲੇ ਸੈਸ਼ਨ ਵਿੱਚ ਵਲੰਟੀਅਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਸਾਮਰਾਜਵਾਦ ਆਪਣੇ ਮੁਨਾਫ਼ੇ ਦੀ ਭੁੱਖ ਮਿਟਾਉਣ ਲਈ ਦੁਨੀਆ ਭਰ ਵਿੱਚ ਲੋਕਾਂ ਦੇ ਹੱਕਾਂ ਨੂੰ ਖਾ ਰਿਹਾ ਹੈ। ਸਰਮਾਇਆ ਪੈਦਾਵਾਰ ਦੇ ਸਾਧਨਾਂ ’ਤੇ ਕਾਬਜ਼ ਹੋ ਕੇ ਲੋਕਾਂ ਨੂੰ ਬੇਰੁਜ਼ਗਾਰ ਕਰ ਰਿਹਾ ਹੈ। ਕਾਮਰੇਡ ਆਗੂ ਨੇ ਨੌਜਵਾਨ ਵਲੰਟੀਅਰਾਂ ਨੂੰ ਸਿੱਖਿਅਤ ਕਰਦਿਆਂ ਕਿਹਾ ਕਿ ਏ.ਆਈ. ਦੇ ਇਸ ਦੌਰ ਵਿੱਚ ਸੰਸਾਰ ਸਰਮਾਇਆਦਾਰੀ ਨੇ ਹੁਣ ਕਿਰਤ ਮੁਕਤ ਪੈਦਾਵਾਰ ਦਾ ਦਾਅਵਾ ਕਰ ਦਿੱਤਾ ਹੈ, ਜਿਸ ਨਾਲ ਦੁਨੀਆ ਦੇ ਆਮ ਲੋਕ ਉਹਨਾਂ ਲਈ ਵਾਧੂ ਵੱਸੋਂ ਬਣ ਜਾਣਗੇ ਅਤੇ ਇਸ ਵਾਧੂ ਵੱਸੋਂ ਦੇ ਬੋਝ ਤੋਂ ਮੁਕਤ ਹੋਣ ਲਈ ਲੋਕਾਂ ਤੋਂ ਵੋਟਾਂ ਦਾ ਹੱਕ ਖੋਹਿਆ ਜਾ ਰਿਹਾ ਹੈ, ਜਿਸ ਦਾ ਸਬੂਤ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਾਮਰੇਡ ਨੇ ਆਸਵੰਦ ਹੁੰਦਿਆਂ ਕਿਹਾ ਕਿ ਦੂਜੇ ਪਾਸੇ ਲੋਕ ਸਾਮਰਾਜਵਾਦ ਦੀਆਂ ਇਹਨਾਂ ਲੋਕ ਵਿਰੋਧੀ ਨੀਤੀਆਂ ਖਿਲਾਫ ਆਵਾਜ਼ ਉਠਾ ਰਹੇ ਹਨ। ਦੁਨੀਆ ਵਿੱਚ ਉੱਠ ਰਹੀਆਂ ਇਹਨਾਂ ਲਾਲ ਲਹਿਰਾਂ ਨੇ ਚੰਗੇ ਸੰਸਾਰ ਭਵਿੱਖ ਦੇ ਉਮੀਦ ਜਗਾਈ ਹੈ, ਓਥੇ ਸੰਸਾਰ ਸਰਮਾਏਦਾਰੀ ਬੌਖਲਾਹਟ ਵਿੱਚ ਹੈ। ਉਨ੍ਹਾ ਇਹ ਵੀ ਕਿਹਾ ਕਿ ਸਾਮਰਾਜਵਾਦ ਨੂੰ ਮਾਤ ਦੇਣ ਲਈ ਨੌਜਵਾਨ ਵਲੰਟੀਅਰਾਂ ਨੂੰ ਸਮਾਜਵਾਦੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਦੇ ਮੁੱਦਈ ਬਣਨਾ ਪਵੇਗਾ ਅਤੇ ਬਤੌਰ ਵਲੰਟੀਅਰ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਨਾ ਹੋਏਗਾ। ਇਸ ਦੋ ਰੋਜ਼ਾ ਵਲੰਟੀਅਰ ਟ੍ਰੇਨਿੰਗ ਕੈਂਪ ਵਿੱਚ ਬਤੌਰ ਵਲੰਟੀਅਰ ਸ਼ਾਮਲ ਹੋਏ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਨੇ ਕਿਹਾ ਕਿ ਸੀ ਪੀ ਆਈ ਦੇ 25ਵੇਂ ਮਹਾਂ ਸੰਮੇਲਨ ਵਿੱਚ ਬਤੌਰ ਵਲੰਟੀਅਰ ਬਣ ਕੇ ਸ਼ਾਮਲ ਹੋਣ ਵਾਲੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਇੱਥੋਂ ਟ੍ਰੇਨਿੰਗ ਪ੍ਰਾਪਤ ਕਰਕੇ ਮਹਾਂ ਸੰਮੇਲਨ ਵਿੱਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਉਣਗੇ।
ਇਸ ਵਲੰਟੀਅਰ ਟ੍ਰੇਨਿੰਗ ਕੈਂਪ ਦੇ ਦੂਜੇ ਪੜਾਅ ਵਿੱਚ ਸਾਬਕਾ ਫੌਜੀ ਹਰ�ਿਸ਼ਨ ਛੱਪੜੀ ਵਾਲਾ ਵੱਲੋਂ ਹਾਜ਼ਰ ਨੌਜਵਾਨ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ’ਤੇ ਸਰੀਰਕ ਕਸਰਤਾਂ ਦੇ ਨਾਲ-ਨਾਲ ਡਰਿਲ ਦੀ ਟ੍ਰੇਨਿੰਗ ਦਿੱਤੀ ਗਈ। ਕੈਂਪ ਦੇ ਆਖਰੀ ਦਿਨ ਅੰਤ ਵਿੱਚ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ ਵੱਲੋਂ ਕੈਂਪ ਵਿੱਚ ਸ਼ਾਮਲ ਹੋਏ ਵਲੰਟੀਅਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਟ੍ਰੇਨਿੰਗ ਲੈਣ ਵਾਲੇ ਸਾਥੀ ਪਾਰਟੀ ਦੇ ਮਹਾਂ ਸੰਮੇਲਨ ਤੋਂ ਬਾਅਦ ਵੀ ਬਨੇਗਾ ਵਲੰਟੀਅਰ ਬਣ ਕੇ ਸਮਾਜ ਦੀ ਬੰਦ ਖਲਾਸੀ ਲਈ ਲੋਕਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਸਦਾ ਸਰਗਰਮ ਰਹਿਣ।ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਸੁਬੇਗ ਝੰਗੜਭੈਣੀ, ਨਰਿੰਦਰ ਢਾਬਾਂ, ਅਸ਼ੋਕ ਢਾਬਾਂ, ਹਰਜੀਤ ਕੌਰ ਢੰਡੀਆਂ, ਬੋਹੜ ਬੁੱਟਰ, ਚਰਨਜੀਤ ਸਿੰਘ ਚਮੇਲੀ, ਪ੍ਰਗਟ ਸਿੰਘ ਸ੍ਰੀ ਮੁਕਤਸਰ ਸਾਹਿਬ, ਜਸਪ੍ਰੀਤ ਕੌਰ ਬੱਧਨੀ, ਨੀਰਜ ਰਾਣੀ, ਕੁਲਦੀਪ ਬੱਖੂਸ਼ਾਹ ਅਤੇ ਗੁਰਦਿਆਲ ਢਾਬਾਂ ਨੇ ਵੀ ਸੰਬੋਧਨ ਕੀਤਾ।