ਚੰਡੀਗੜ੍ਹ : ਪੌਂਗ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਨਾਲ ਪੰਜਾਬ ’ਚ ਹੜ੍ਹਾਂ ਦੀ ਮਾਰ ਦਾ ਖਤਰਾ ਹੋਰ ਵਧ ਗਿਆ ਹੈ। ਬਿਆਸ ਦਰਿਆ ਵਿੱਚ ਪਹਿਲਾਂ ਹੀ ਪਾਣੀ ਛੱਡੇ ਜਾਣ ਕਰਕੇ ਕਈ ਜ਼ਿਲ੍ਹਿਆਂ ਦੇ ਪਿੰਡ ਤੇ ਖੇਤ ਪਾਣੀ ਦੀ ਲਪੇਟ ਵਿਚ ਆ ਚੁੱਕੇ ਹਨ। ਪੌਂਗ ਡੈਮ ’ਚ ਪਾਣੀ ਦਾ ਪੱਧਰ 1380.39 ਫੁੱਟ ’ਤੇ ਪੁੱਜ ਗਿਆ ਹੈ, ਜਦੋਂ ਕਿ 1380 ਫੁੱਟ ’ਤੇ ਪਾਣੀ ਦੇ ਪੱਧਰ ਨੂੰ ਖਤਰੇ ਦੇ ਨਿਸ਼ਾਨ ’ਤੇ ਮੰਨਿਆ ਜਾਂਦਾ ਹੈ। ਪਿਛਲੇ ਸਾਲ ਇਸ ਦਿਨ ’ਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ 1353.22 ਫੁੱਟ ਸੀ। ਪੌਂਗ ਡੈਮ ਵਿੱਚ ਪਹਾੜਾਂ ਤੋਂ ਪਾਣੀ ਦੀ ਆਮਦ 1.43 ਲੱਖ ਕਿਊਸਿਕ ਹੋ ਗਈ ਹੈ, ਜਿਸ ਨਾਲ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਿਆ ਹੈ। ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ 68,574 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੀ ਮਾਤਰਾ ਹੋਰ ਵਧਣ ਦੀ ਸੰਭਾਵਨਾ ਹੈ। ਤਰਨ ਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿਚ ਸਥਿਤੀ ਗੰਭੀਰ ਬਣ ਗਈ ਹੈ। ਜ਼ਿਲ੍ਹਾ ਕਪੂਰਥਲਾ ਦਾ ਢਿੱਲਵਾਂ ਖੇਤਰ ਜ਼ਿਆਦਾ ਪ੍ਰਭਾਵਤ ਹੋ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਕਰੀਬ 20 ਪਿੰਡ ਪ੍ਰਭਾਵਤ ਹੋ ਗਏ ਹਨ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸਭਰਾਂ ਨੇੜਲਾ ਇੱਕ ਬੰਨ੍ਹ ਕਮਜ਼ੋਰ ਪੈ ਗਿਆ ਹੈ, ਜਿੱਥੇ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਬੰਨ੍ਹ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸਤਲੁਜ ਅਤੇ ਬਿਆਸ ਦਰਿਆ ਲਾਗਲੇ ਪਿੰਡਾਂ ਦੇ ਸਿਰ ਨਵੀਂ ਮੁਸੀਬਤ ਆ ਪਈ ਹੈ।
ਕਠੂਆ ਵਿੱਚ ਬੱਦਲ ਫਟਣ ਕਰਕੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਇਸੇ ਤਰ੍ਹਾਂ ਬਮਿਆਲ ਸੈਕਟਰ ’ਚ ਜਲਾਲੀਆ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1661.72 ਫੁੱਟ ’ਤੇ ਪੁੱਜ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਸ ਮੌਕੇ ’ਤੇ 1628.66 ਫੁੱਟ ਪਾਣੀ ਦਾ ਪੱਧਰ ਸੀ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 1710.35 ਫੁੱਟ ’ਤੇ ਪਹੁੰਚ ਗਿਆ ਹੈ।
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਉੱਤੇ ਪਹੁੰਚਣ ਕਰਕੇ ਐਤਵਾਰ ਚੌਥੀ ਵਾਰ ਇੱਕ ਫਲੱਡ ਗੇਟ ਨੂੰ ਛੇ ਇੰਚ ਲਈ ਖੋਲ੍ਹਿਆ ਗਿਆ।





