ਪਹਿਲਾਂ ਚੋਣ ਕਮਿਸ਼ਨ ਹਲਫਨਾਮਾ ਦੇਵੇ, ਫਿਰ ਅਸੀਂ ਵੀ ਦੇਵਾਂਗੇ : ਕਾਂਗਰਸ

0
49

ਗਯਾ ਜੀ (ਬਿਹਾਰ) : ਕਾਂਗਰਸ ਨੇ ਸੋਮਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਪਹਿਲਾਂ ਚੋਣ ਸੰਸਥਾ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਾਖਲ ਕਰੇ ਕਿ ਉਸ ਦੀ ਵੋਟਰ ਸੂਚੀ ਸਾਫ ਹੈ ਅਤੇ ਫਿਰ ਉਹ ਵੀ ਇੱਕ ਹਲਫਨਾਮਾ ਦੇਵੇਗੀ ਕਿ ਮੌਜੂਦਾ ਸੂਚੀ ਵਿੱਚ ਬੇਨੇਮੀਆਂ ਹਨ। ਵਿਰੋਧੀ ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਗਿਆਨੇਸ਼ ਕੁਮਾਰ ਆਪਣੀ ਨਵੀਂ ਦਿੱਲੀ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਭਾਜਪਾ ਬੁਲਾਰੇ ਵਰਗੇ ਲੱਗ ਰਹੇ ਸਨ।
ਇਸ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਨੇ ਰਾਹੁਲ ਗਾਂਧੀ ਨੂੰ ਹਸਤਾਖਰ ਕੀਤਾ ਹਲਫਨਾਮਾ ਜਮ੍ਹਾਂ ਕਰਾਉਣ ਲਈ ਸੱਤ ਦਿਨਾਂ ਦਾ ਅਲਟੀਮੇਟਮ ਦੇਣ ਲਈ ਕਿਹਾ ਸੀ, ਨਹੀਂ ਤਾਂ ਉਸ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਨਾਜਾਇਜ਼ ਮੰਨਿਆ ਜਾਵੇਗਾ।
ਕਾਂਗਰਸੀ ਕਨ੍ਹੱਈਆ ਕੁਮਾਰ ਨੇ ਕਿਹਾ, ‘ਉਸ ਨੇ (ਗਿਆਨੇਸ਼ ਕੁਮਾਰ) ਇੱਕ ਹਲਫਨਾਮਾ ਦੇਣ ਦੀ ਧਮਕੀ ਦਿੱਤੀ। ਉਹ ਧਮਕੀਆਂ ਤੋਂ ਡਰਦਾ ਹੋਵੇਗਾ, ਪਰ ਅਸੀਂ ਨਹੀਂ ਡਰਦੇ। ਉਹ ਆਪਣੇ ਖੁਦ ਦੇ ਡੇਟਾ ’ਤੇ ਵਿਸ਼ਵਾਸ ਨਹੀਂ ਕਰਦੇ।’ ਉਸ ਨੇ ਦੋਸ਼ ਲਗਾਇਆ ਕਿ ਭਾਜਪਾ ਵੋਟ ਚੋਰੀ ਅਤੇ ਸੰਵਿਧਾਨ ਚੋਰੀ ਕਰਨਾ ਚਾਹੁੰਦੀ ਹੈ। ਉਨ੍ਹਾ ਕਿਹਾ, ‘ਅਸੀਂ ਪੜ੍ਹਨਯੋਗ ਫਾਰਮੈਟ ਮੰਗਿਆ, ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਚੋਣ ਕਮਿਸ਼ਨ ਕਹਿੰਦਾ ਰਿਹਾ ਕਿ ਕੋਈ ਸਮੱਸਿਆ ਨਹੀਂ ਹੈ, ਪਰ ਹੁਣ ਉਹ ਕਹਿ ਰਹੇ ਹਨ ਕਿ ਅਸੀਂ ਵੋਟਰ ਸੂਚੀ ਵਿਚਲੇ ਮੁੱਦਿਆਂ ਨੂੰ ਠੀਕ ਕਰਨ ਲਈ ਐੱਸ ਆਈ ਆਰ ਕਰ ਰਹੇ ਹਾਂ’।’ ਕੁਮਾਰ ਨੇ ਕਿਹਾ, ‘ਚੋਣ ਕਮਿਸ਼ਨ ਖੁਦ ਕਹਿ ਰਿਹਾ ਹੈ ਕਿ ਵੋਟਰ ਸੂਚੀ ਵਿੱਚ ਕੁਝ ਗਲਤ ਹੈ, ਜਿਸ ਦਾ ਮਤਲਬ ਹੈ ਕਿ ਉਹ ਪਹਿਲਾਂ ਝੂਠ ਬੋਲ ਰਿਹਾ ਸੀ।’ ਇਹ ਪੁੱਛੇ ਜਾਣ ’ਤੇ ਕਿ ਉਨ੍ਹਾ ਨੂੰ ਕਿਸ ਤਰ੍ਹਾਂ ਦਾ ਹਲਫਨਾਮਾ ਦੇਣਾ ਚਾਹੀਦਾ ਹੈ, ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਵੋਟਰ ਸੂਚੀ ਨੂੰ ਮਸ਼ੀਨ-ਪੜ੍ਹਨਯੋਗ ਫਾਰਮੈਟ ਵਿੱਚ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ, ‘ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਿਓ ਕਿ ਸਾਡੀ ਵੋਟਰ ਸੂਚੀ ਸਾਫ ਹੈ ਅਤੇ ਫਿਰ ਅਸੀਂ ਵੀ ਇੱਕ ਹਲਫਨਾਮਾ ਦੇਵਾਂਗੇ ਕਿ ਮੌਜੂਦਾ ਵੋਟਰ ਸੂਚੀ ਵਿੱਚ ਬੇਨੇਮੀਆਂ ਹਨ।’