ਚੰਡੀਗੜ੍ਹ : ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਨਿਯੁਕਤੀ ਮਾਮਲੇ ਵਿੱਚ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਨਵੀਂ ਭਰਤੀ ਹੋਣ ਤੱਕ ਇਨ੍ਹਾਂ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਨੌਕਰੀ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ ਸੀ, ਜਿਹੜੀ ਸੁਪਰੀਮ ਕੋਰਟ ਨੇ ਮੰਨ ਲਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਦਿੱਤੀ। ਸੁਪਰੀਮ ਕੋਰਟ ਨੇ ਜੁਲਾਈ 2025 ਵਿੱਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬਰੇਰੀਅਨਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਵੱਲੋਂ ਸਾਲ 2024 ਵਿੱਚ ਇਸ ਨਿਯੁਕਤੀ ਨੂੰ ਸਹੀ ਠਹਿਰਾਇਆ ਗਿਆ ਸੀ ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਉਲਟਾ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਨਵੀਂ ਭਰਤੀ ਤੱਕ ਇਨ੍ਹਾਂ ਪ੍ਰੋਫੈਸਰਾਂ ਤੇ ਲਾਇਬਰੇਰੀਅਨਾਂ ਨੂੰ ਕੰਮ ਕਰਦੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।
ਵਿਕਰਮਾਦਿਤਿਆ ਦੂਜਾ ਵਿਆਹ ਕਰਾਉਣਗੇ
ਸ਼ਿਮਲਾ : ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਛੇ ਵਾਰ ਮੁੱਖ ਮੰਤਰੀ ਰਹੇ ਰਾਜਾ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਦਾ ਵਿਆਹ 22 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਵੇਗਾ। ਅਮਰੀਨ ਕੌਰ ਨਾਲ ਵਿਆਹ ਦਾ ਕਾਰਡ ਇੰਟਰਨੈੱਟ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾ ਦਾ ਵਿਆਹ 8 ਮਾਰਚ 2019 ਨੂੰ ਰਾਜਸਮੰਦ ਦੇ ਅਮੇਤ ਰਾਜ ਦੀ ਸੁਦਰਸ਼ਨਾ ਕੁਮਾਰੀ ਨਾਲ ਹੋਇਆ ਸੀ ਤੇ ਲਗਭਗ ਦੋ ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਅਮਰੀਨ ਕੌਰ ਸੈਕਟਰ 2, ਚੰਡੀਗੜ੍ਹ ਦੇ ਸਰਦਾਰ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ। ਉਸ ਦੀ ਵਿਕਰਮਾਦਿਤਿਆ ਸਿੰਘ ਨਾਲ ਲੰਮੇ ਸਮੇਂ ਤੋਂ ਦੋਸਤੀ ਦੱਸੀ ਜਾਂਦੀ ਹੈ।




