ਨਵੀਂ ਦਿੱਲੀ : ਕੇਂਦਰੀ ਜਲ ਕਮਿਸ਼ਨ ਨੇ ਯਮੁਨਾ ਨਦੀ ਵਿੱਚ 19 ਅਗਸਤ ਤੱਕ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਟੱਪਣ ਦੀ ਪੇਸ਼ੀਨਗੋਈ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਮੰਗਲਵਾਰ ਤੱਕ ਪਾਣੀ ਦਾ ਪੱਧਰ 206 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਦੋਂਕਿ ਖਤਰੇ ਦਾ ਨਿਸ਼ਾਨ 205.33 ਮੀਟਰ ਹੈ। ਕਮਿਸ਼ਨ ਇਹਤਿਆਤੀ ਉਪਰਾਲੇ ਵਜੋਂ ਪਾਣੀ ਦੀ ਨਿਕਾਸੀ ਸ਼ੁਰੂ ਕਰ ਸਕਦਾ ਹੈ। ਸੋਮਵਾਰ ਸਵੇਰੇ 7 ਵਜੇ ਤੱਕ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 204.80 ਮੀਟਰ ਸੀ, ਜੋ ਐਤਵਾਰ ਸ਼ਾਮ ਨੂੰ 204.60 ਮੀਟਰ ਤੋਂ ਵੱਧ ਗਿਆ ਹੈ। ਚੇਤਾਵਨੀ ਦਾ ਨਿਸ਼ਾਨ 204.50 ਮੀਟਰ ਹੈ ਅਤੇ ਦਰਿਆ ਲਗਾਤਾਰ ਦੋ ਦਿਨਾਂ ਤੋਂ ਇਸ ਪੱਧਰ ਤੋਂ ਉਪਰ ਵਗ ਰਿਹਾ ਹੈ। ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਕਰਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ। ਉਸ ਨੇ ਪੰਜਾਬ ਦੇ ਪਟਿਆਲਾ, ਮੁਹਾਲੀ ਅਤੇ ਲੁਧਿਆਣਾ ਵਰਗੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।


