ਛਤਰਪਤੀ ਸ਼ੰਭਾਜੀਨਗਰ : ਰੱਖਿਆ ਮੰਤਰਾਲਾ ਦੇ ਸਾਬਕਾ ਪ੍ਰਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ ਵਿਨੋਦ ਖੰਡਾਰੇ (ਸੇਵਾਮੁਕਤ) ਨੇ ਕਿਹਾ ਹੈ ਕਿ ਅਪ੍ਰੇਸ਼ਨ ਸਿੰਧੂਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੂਟਨੀਤਕ ਤੌਰ ’ਤੇ ਕੌਣ ਭਾਰਤ ਦੇ ਨਾਲ ਖੜ੍ਹਾ ਹੈ। ਉਨ੍ਹਾ ਅੱਗੇ ਕਿਹਾ ਕਿ ਜੰਗ ਇੱਕ ਮਹਿੰਗਾ ਸੌਦਾ ਹੈ ਅਤੇ ਇਸ ਨਾਲ ਦੇਸ਼ ਦੀ ਆਰਥਿਕਤਾ ’ਤੇ ਦਬਾਅ ਪੈਂਦਾ ਹੈ। ਉਨ੍ਹਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਵਲ ਡਿਫੈਂਸ ’ਤੇ ਬਹੁਤ ਕੰਮ ਕਰਨ ਦੀ ਲੋੜ ਹੈ, ਕਿਉਂਕਿ ਇਹ ਇੱਕ ਕਮਜ਼ੋਰੀ ਬਣੀ ਰਹੇਗੀ। ਉਹ ਐਤਵਾਰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਵਿੱਚ ਇੱਕ ਸਥਾਨਕ ਗੈਰ-ਸਰਕਾਰੀ ਸੰਗਠਨ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਅਪ੍ਰੇਸ਼ਨ ਸਿੰਧੂਰ ਬਾਰੇ ਲੋਕਾਂ ਨਾਲ ਗੱਲਬਾਤ ਕਰਨ ਲਈ ਆਏ ਸਨ। ਅਪ੍ਰੇਸ਼ਨ ਸਿੰਧੂਰ ਤੋਂ ਮਿਲੇ ਸਬਕ ਬਾਰੇ ਪੁੱਛੇ ਜਾਣ ’ਤੇ ਲੈਫਟੀਨੈਂਟ ਜਨਰਲ ਖੰਡਾਰੇ ਨੇ ਕਿਹਾ, ‘‘ਇਹ ਸਪੱਸ਼ਟ ਹੋ ਗਿਆ ਹੈ ਕਿ ਕੂਟਨੀਤਕ ਤੌਰ ’ਤੇ ਤੁਹਾਡੇ (ਭਾਰਤ) ਨਾਲ ਕੌਣ ਹੈ ਅਤੇ ਕੌਣ ਨਹੀਂ। ਅੰਦਰੂਨੀ ਤੌਰ ’ਤੇ ਇਹ ਸਪੱਸ਼ਟ ਹੈ ਕਿ ਸਮੱਸਿਆਵਾਂ ਜਾਂ ਕਮਜ਼ੋਰੀਆਂ ਕਿੱਥੇ ਹਨ। ਜੇ ਤੁਸੀਂ ਵਿਆਪਕ ਤੌਰ ’ਤੇ ਸੋਚਦੇ ਹੋ, ਤਾਂ ਕਮਜ਼ੋਰੀਆਂ ਦੀ ਪਛਾਣ ਬਹੁਤ ਸਪੱਸ਼ਟ ਹੋ ਗਈ ਹੈ।’’
ਉਨ੍ਹਾ ਕਿਹਾ ਕਿ ਸਵਾਰਥੀ ਹਿੱਤ ਵੀ ਸਪੱਸ਼ਟ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਸਾਨੂੰ ਸਿਵਲ ਡਿਫੈਂਸ ’ਤੇ ਬਹੁਤ ਕੰਮ ਕਰਨਾ ਪਵੇਗਾ ਕਿਉਂਕਿ ਇਹ ਇੱਕ ਕਮਜ਼ੋਰੀ ਬਣੀ ਰਹੇਗੀ। ਉਨ੍ਹਾ ਇਸ਼ਾਰਾ ਕੀਤਾ, ‘‘ਅੱਜ, ਜਿਸ ਤਰ੍ਹਾਂ ਦੀਆਂ ਮਿਜ਼ਾਈਲਾਂ ਅਤੇ ਪਹੁੰਚ ਤੁਹਾਡੇ ਕੋਲ ਹੈ, ਸਭ ਕੁਝ ਪਹੁੰਚਯੋਗ ਹੈ। ਅਸੀਂ ਨਾਜ਼ੁਕ ਤਕਨਾਲੋਜੀਆਂ ਅਤੇ ਖੋਜ ਵਿੱਚ ਅੱਗੇ ਹਾਂ।’’



