ਲੁਧਿਆਣਾ (ਐੱਮ ਐੱਸ ਭਾਟੀਆ) : ਲੁਧਿਆਣਾ ਜ਼ਿਲ੍ਹੇ ਵਿੱਚ ਪਾਰਟੀ ਕਾਂਗਰਸ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਦੇ ਤਹਿਤ ਸੋਮਵਾਰ ਜ਼ਿਲਾ ਸਕੱਤਰ ਡੀ ਪੀ ਮੌੜ ਦੀ ਅਗਵਾਈ ਵਿੱਚ ਚਮਕੌਰ ਸਿੰਘ ਸਹਾਇਕ ਸਕੱਤਰ, ਐੱਮ ਐੱਸ ਭਾਟੀਆ ਵਿੱਤ ਸਕੱਤਰ ਅਤੇ ਡਾਕਟਰ ਰਜਿੰਦਰਪਾਲ ਸਿੰਘ ਔਲਖ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਪਿੰਡ ਜਲਾਲਦੀਵਾਲ ਸੁਰਿੰਦਰ ਸਿੰਘ ਜਲਾਲਦੀਵਾਲ ਦੇ ਘਰ ਪਹੁੰਚੇ।
ਇਹ ਪਰਵਾਰ ਆਜ਼ਾਦੀ ਘੁਲਾਟੀਏ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦਾ ਪਰਵਾਰ ਹੈ ਅਤੇ ਸੁਰਿੰਦਰ ਸਿੰਘ ਉਹਨਾ ਦੇ ਪੋਤਰੇ ਹਨ।ਪਾਰਟੀ ਦੇ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਸੀਨੀਅਰ ਆਗੂ ਜਲਾਲਦੀਵਾਲ ਨੇ ਚੰਡੀਗੜ੍ਹ ਵਿਖੇ ਹੋਣ ਵਾਲੇ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਉਸ ਲਈ ਇਕੱਠੇ ਕੀਤੇ ਜਾ ਰਹੇ ਫੰਡ ਵਿੱਚ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ 50 ਹਜ਼ਾਰ ਦਾ ਚੈੱਕ ਜ਼ਿਲ੍ਹਾ ਲੀਡਰਸ਼ਿਪ ਨੂੰ ਭੇਟ ਕੀਤਾ। ਸਾਥੀ ਜਲਾਲਦੀਵਾਲ ਹਮੇਸ਼ਾ ਹੀ ਇਹੋ ਜਿਹੇ ਕੰਮਾਂ ਲਈ ਮੂਹਰਲੀਆਂ ਕਤਾਰਾਂ ਵਿੱਚ ਰਹਿੰਦੇ ਹਨ।





