ਨਵਾਦਾ (ਬਿਹਾਰ) : ਮੰਗਲਵਾਰ ਇੱਥੇ ਵੋਟ ਅਧਿਕਾਰ ਯਾਤਰਾ ਦੌਰਾਨ ਰਾਹੁਲ ਗਾਂਧੀ ਤੇ ਤੇਜਸਵੀ ਯਾਦਵ ਨੇ ਭਾਜਪਾ ਤੇ ਚੋਣ ਕਮਿਸ਼ਨ ’ਤੇ ਗਰੀਬਾਂ, ਦਲਿਤਾਂ, ਪੱਛੜਿਆਂ ਤੇ ਘੱਟ ਗਿਣਤੀ ਲੋਕਾਂ ਦੇ ਵੋਟ ਦਾ ਅਧਿਕਾਰ ਖੋਹਣ ਦਾ ਦੋਸ਼ ਲਾਇਆ। ਰਾਹੁਲ ਨੇ ਕਿਹਾ ਕਿ ਬਿਹਾਰ ਵਿੱਚ ਲੱਖਾਂ ਅਜਿਹੇ ਲੋਕ ਹਨ, ਜਿਨ੍ਹਾਂ ਪਿਛਲੀਆਂ ਚੋਣਾਂ ’ਚ ਵੋਟਾਂ ਪਾਈਆਂ ਸਨ, ਪਰ ਹੁਣ ਉਨ੍ਹਾਂ ਦੇ ਨਾਂਅ ਕੱਟ ਦਿੱਤੇ ਗਏ ਹਨ। ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਚੋਣ ਕਮਿਸ਼ਨ ਮਿਲ ਕੇ ਵੋਟ ਚੁਰਾ ਰਹੇ ਹਨ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਜ਼ਿਸ਼ ਖਿਲਾਫ ਖੜ੍ਹੇ ਹੋ ਕੇ ਆਪਣੀ ਵੋਟ ਦੀ ਰਾਖੀ ਕਰਨ। ਤੇਜਸਵੀ ਯਾਦਵ ਨੇ ਕਿਹਾਇਹ ਲੋਕ ਸੋਚਦੇ ਹਨ ਕਿ ਬਿਹਾਰ ਦੇ ਲੋਕਾਂ ਨੂੰ ਚੂਨਾ ਲਾ ਦੇਣਗੇ, ਪਰ ਇਹ ਭੁੱਲਦੇ ਹਨ ਕਿ ਅਸੀਂ ਬਿਹਾਰੀ ਹਾਂ। ਏਕ ਬਿਹਾਰੀ ਸਬ ਪਰ ਭਾਰੀ। ਇਹ ਕਹਿਣ ’ਤੇ ਲੋਕਾਂ ਨੇ ਤਾੜੀਆਂ ਵਜਾਈਆਂ।



