ਕੈਨੇਡਾ ’ਚ ਪਿਕਸ ਦੇ ਸੀ ਈ ਓ ਸਤਬੀਰ ਸਿੰਘ ਚੀਮਾ ’ਤੇ ਹਮਲਾ

0
100

ਵਿਨੀਪੈਗ : ਸਰੀ ਵਿੱਚ ਗੈਰ-ਮੁਨਾਫਾ ਤੇ ਇੰਟਰ ਕਲਚਰਲ ਕਮਿਊਨਿਟੀ ਸੇਵਾਵਾਂ ਲਈ ਪ੍ਰਸਿੱਧ ਸੰਸਥਾ ‘ਪਿਕਸ’ ਦੇ ਸੀ ਈ ਓ ਸਤਬੀਰ ਸਿੰਘ ਚੀਮਾ ਉਪਰ ਨਕਾਬਪੋਸ਼ ਨੇ ਖਤਰਨਾਕ ਸਪਰੇੇਅ ਨਾਲ ਜਿਸਮਾਨੀ ਹਮਲਾ ਕੀਤਾ। ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਛੁੱਟੀ ਕਰ ਕੇ 127 ਸਟਰੀਟ ਤੇ 80 ਐਵੇਨਿਊ ਉਪਰ ਸਥਿਤ ਪਿਕਸ ਦੇ ਦਫਤਰ ’ਚੋਂ ਬਾਹਰ ਨਿਕਲ ਰਹੇ ਸਨ।
ਪੁਲਸ ਵੱਲੋਂ ਇਸ ਹਮਲੇ ਦੀ ਘਟਨਾ ਸੰਬੰਧੀ ਪ੍ਰਾਪਤ ਵੀਡੀਓ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਜਦੋਂ ਚੀਮਾ ਆਪਣੇ ਦਫਤਰ ’ਚੋਂ ਨਿਕਲ ਕੇ ਸਾਹਮਣੇ ਪਾਰਕਿੰਗ ਲਾਟ ’ਚ ਆਪਣੀ ਕਾਰ ਦਾ ਡਰਾਈਵਿੰਗ ਡੋਰ ਖੋਲ੍ਹ ਰਹੇ ਸਨ ਤਾਂ ਪਾਰਕਿੰਗ ਦੇ ਦੂਸਰੇ ਪਾਸੇ ਤੋਂ ਇੱਕ ਚਿੱਟੇ ਰੰਗ ਦਾ ਡੌਜ ਟਰੱਕ ਉਨ੍ਹਾ ਦੀ ਕਾਰ ਅੱਗੇ ਆ ਕੇ ਰਸਤਾ ਰੋਕਦਾ ਹੈ। ਟਰੱਕ ’ਚੋਂ ਨਕਾਬਪੋਸ਼ ਨਿਕਲਦਾ ਹੈ ਤੇ ਕੁਝ ਬੋਲਦਾ ਹੋਇਆ ਉਨ੍ਹਾ ਵੱਲ ਵਧਦਾ ਹੈ। ਨਕਾਬਪੋਸ਼ ਤੇ ਸ਼ੱਕੀ ਵਿਅਕਤੀ ਨੂੰ ਵੇਖਦਿਆਂ ਚੀਮਾ ਆਪਣੀ ਕਾਰ ਦੇ ਓਹਲੇ ਹੋਣ ਦਾ ਯਤਨ ਕਰਦੇ ਹਨ ਕਿ ਹਮਲਾਵਰ ਹੱਥ ਵਿਚ ਫੜੀ ਸਪਰੇਅ ਉਨ੍ਹਾ ਉਪਰ ਜ਼ੋਰਦਾਰ ਢੰਗ ਨਾਲ ਸੁੱਟਣ ਦੀ ਕੋਸ਼ਿਸ਼ ਕਰਦਾ ਹੈ। ਪੁਲਸ ਨੇ ਇਸ ਘਟਨਾ ਨੂੰ ਸ਼ੱਕੀ ਵਿਅਕਤੀਆਂ ਵੱਲੋਂ ਹਮਲਾ ਕਰਾਰ ਦਿੱਤਾ ਹੈ। ਚੀਮਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇੱਕ ਹਮਲਾਵਰ ਨੇ ਉਨ੍ਹਾ ਨੂੰ ਕੋਲ ਆ ਕੇ ਗੱਲ ਸੁਣਨ ਲਈ ਕਿਹਾ, ਪਰ ਹਮਲਾਵਰ ਦੇ ਨਕਾਬ ਪਾਇਆ ਹੋਣ ਕਰਕੇ ਉਹ ਚੌਕੰਨੇ ਹੋ ਗਏ ਤੇ ਭਾਂਪ ਗਏ ਕਿ ਨਕਾਬਪੋਸ਼ ਕਿਸੇ ਬਦਨੀਤੀ ਨਾਲ ਉਨ੍ਹਾ ਵੱਲ ਵਧ ਰਿਹਾ ਹੈ। ਉਹ ਬਚਾਅ ਦੀ ਕੋਸ਼ਿਸ਼ ਵਜੋਂ ਆਪਣੀ ਕਾਰ ਦੇ ਦੂਸਰੇ ਪਾਸੇ ਖਿਸਕ ਗਏ, ਪਰ ਇਸ ਦੌਰਾਨ ਹੀ ਹਮਲਾਵਰ ਨੇ ਉਨ੍ਹਾ ਉਪਰ ਸਪਰੇਅ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਦੌੜ ਕੇ ਹਮਲਾਵਰ ਤੋਂ ਕੁਝ ਕਦਮ ਦੂਰ ਚਲੇ ਗਏ। ਫਿਰ ਹਮਲਾਵਰ ਸਟਾਰਟ ਖੜ੍ਹੇ ਟਰੱਕ ਵਿੱਚ ਬੈਠ ਕੇ ਖਿਸਕ ਗਿਆ। ਚੀਮਾ ਦੀ ਅਗਵਾਈ ਹੇਠ ਬੀ ਸੀ ਸਰਕਾਰ ਅਤੇ ਦਾਨੀਆਂ ਦੀ ਸਹਾਇਤਾ ਨਾਲ ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਨਾਂਅ ਦਾ ਵੱਡਾ ਪ੍ਰੋਜੈਕਟ ਬਣਨ ਜਾ ਰਿਹਾ ਹੈ। ਕੁਝ ਲੋਕਾਂ ਵਲੋਂ ਉਨ੍ਹਾਂ ਉਪਰ ਸੰਸਥਾ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਖਿਲਾਫ ਉਨ੍ਹਾ ਮਾਣਹਾਨੀ ਦਾ ਮੁਕੱਦਮਾ ਕੀਤਾ ਹੋਇਆ ਹੈ।