ਚੰਗੀ ਵਰਖਾ ਨੇ ਕਿਸਾਨਾਂ ਲਈ ਬਿਹਤਰ ਹਾਲਾਤ ਪੈਦਾ ਕੀਤੇ, ਪਰ ਯੂਰੀਆ ਖਾਦ ਦੀ ਕਮੀ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਲੋੜੀਂਦੀ ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਤੇ ਦੇਖਭਾਲ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂ ਪੀ, ਬਿਹਾਰ, ਤਾਮਿਲਨਾਡੂ, ਮਹਾਰਾਸ਼ਟਰ ਤੇ ਕੇਰਲਾ ਵਿੱਚ ਕਿਸਾਨਾਂ ਨੂੰ ਖਾਦ ਵੰਡ ਕੇਂਦਰਾਂ ਦੇ ਬਾਹਰ 8-8 ਘੰਟੇ ਲਾਈਨ ’ਚ ਲੱਗ ਕੇ ਵੀ ਬਿਨਾਂ ਖਾਦ ਦੀ ਬੋਰੀ ਦੇ ਪਰਤਣਾ ਪੈ ਰਿਹਾ ਹੈ। ਇਸ ਨਾਲ ਸਾਉਣੀ ਦੀ ਫਸਲ ਦੀ ਪ੍ਰਭਾਵਤ ਹੋ ਸਕਦੀ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਅਗਸਤ 2025 ਤੱਕ ਦੇਸ਼ ਵਿੱਚ ਯੂਰੀਆ ਦਾ ਸਟਾਕ ਪਿਛਲੇ ਸਾਲ ਦੀ ਤੁਲਨਾ ’ਚ ਕਾਫੀ ਘੱਟ ਹੈ। ਉਸ ਮੁਤਾਬਕ ਗਲੋਬਲ ਸਪਲਾਈ ਚੇਨ ਵਿੱਚ ਰੁਕਾਵਟ ਤੇ ਐਕਸਪੋਰਟ ’ਚ ਦੇਰੀ ਕਾਰਨ ਅਜਿਹਾ ਹੋਇਆ ਹੈ। ਯੂਰੀਆ, ਜਿਹੜਾ ਨਾਈਟ੍ਰੋਜਨ ਦਾ ਪ੍ਰਮੁੱਖ ਸਰੋਤ ਹੈ, ਝੋਨਾ, ਗੰਨੇ ਤੇ ਮੱਕੀ ਲਈ ਬਹੁਤ ਹੀ ਕੀਮਤੀ ਹੈ। ਰੂਸ-ਯੂਕਰੇਨ ਸੰਕਟ ਨੇ ਵੀ ਸਥਿਤੀ ਵਿਗਾੜੀ ਹੈ। ਇਸ ਦੀ ਕਮੀ ਕਾਰਨ ਕਿਸਾਨਾਂ ਦੀ ਉਤਪਾਦਨ ਲਾਗਤ ਵਧ ਰਹੀ ਹੈ ਅਤੇ ਪੈਦਾਵਾਰ ’ਤੇ ਵੀ ਅਸਰ ਪੈ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਦੇ ਪਿਛਲੇ ਦਿਨੀਂ ਭਾਰਤ ਦੌਰੇ ਦੌਰਾਨ ਸਰਕਾਰ ਨੇ ਚੀਨ ਤੋਂ ਖਾਦ ਦਰਾਮਦ ਕਰਨ ਦੀ ਗੱਲ ਕਹੀ, ਪਰ ਸਵਾਲ ਤਾਂ ਇਹ ਹੈ ਕਿ ਇਹ ਗੱਲ ਪਹਿਲਾਂ ਕੀਤੀ ਜਾ ਸਕਦੀ ਸੀ, ਹੁਣ ਕਿਉ ਚੇਤੇ ਆਇਆ?
ਪੰਜਾਬ ਤੇ ਯੂ ਪੀ ਵਰਗੇ ਪ੍ਰਮੁੱਖ ਖੇਤੀ ਰਾਜਾਂ ਵਿੱਚ ਯੂਰੀਆ ਦੀ ਕਿੱਲਤ ਕਾਰਨ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਮੁਤਾਬਕ ਮੌਨਸੂਨ ਚੰਗਾ ਹੋਣ ਦੇ ਬਾਵਜੂਦ ਖਾਦ ਸਮੇਂ ਸਿਰ ਨਾ ਮਿਲੀ ਤਾਂ ਮਿਹਨਤ ਬੇਕਾਰ ਚਲੇ ਜਾਣੀ ਹੈ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਯੂਰੀਆ ਦੀ ਕਮੀ ਦੂਰ ਕਰਨ ਲਈ ਸਰਕਾਰ ਨੂੰ ਬਦਲਵੀਆਂ ਖਾਦਾਂ ਦੇ ਇਸਤੇਮਾਲ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ ਤੇ ਲੰਮੀ ਮਿਆਦ ਦੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਿਆ ਜਾ ਸਕੇ। ਸਰਕਾਰ ਭਾਵੇਂ ਸਥਿਤੀ ਨੂੰ ਕੰਟਰੋਲ ਵਿੱਚ ਲਿਆਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਗੱਲ ਕਹਿ ਰਹੀ ਹੈ, ਪਰ ਕਿਸਾਨਾਂ ਵਿੱਚ ਵਧਦੀ ਬੇਚੈਨੀ ਤੇ ਯੂਰੀਆ ਦੀ ਕਮੀ ਦਾ ਮੁੱਦਾ ਆਉਣ ਵਾਲੇ ਦਿਨਾਂ ’ਚ ਹੋਰ ਗੰਭੀਰ ਹੋ ਸਕਦਾ ਹੈ। ਯੂਰੀਆ ਸਣੇ ਤਮਾਮ ਪ੍ਰੀਮੀਅਮ ਖਾਦਾਂ ਦੀ ਦਰਾਮਦ ਹੋਰਨਾਂ ਦੇਸ਼ਾਂ ਤੋਂ ਹੁੰਦੀ ਹੈ। ਕੇਂਦਰ ਸਰਕਾਰ ਨੇ ਰਾਜਾਂ ਲਈ ਇਸ ਦਾ ਕੋਟਾ ਮਿੱਥਿਆ ਹੋਇਆ ਹੈ। ਵਿਡੰਬਨਾ ਇਹ ਵੀ ਹੈ ਕਿ ਜਦੋਂ ਕਿਸਾਨ ਸਰਕਾਰੀ ਡਿਪੂਆਂ ’ਤੇ ਯੂਰੀਆ ਲੈਣ ਜਾਂਦੇ ਹਨ ਤਾਂ ਮਿਲਦੀ ਨਹੀਂ, ਪਰ ਪ੍ਰਾਈਵੇਟ ਦੁਕਾਨਾਂ ਤੋਂ ਪ੍ਰਤੀ ਬੋਰੀ 800 ਤੋਂ 1000 ਰੁਪਏ ਤੱਕ ਉਹੀ ਖਾਦ ਉਪਲੱਬਧ ਹੈ, ਯਾਨਿ ਖਾਦ ਦੀ ਖੁੱਲ੍ਹੇਆਮ ਬਲੈਕ ਹੋ ਰਹੀ ਹੈ ਅਤੇ ਇਸ ’ਚ ਹਰ ਰਾਜ ’ਚ ਸਰਕਾਰੀ ਅਧਿਕਾਰੀਆਂ ਤੇ ਦੁਕਾਨਦਾਰਾਂ ਦਾ ਗੱਠਜੋੜ ਸਰਗਰਮ ਹੈ।



