ਵਾਸ਼ਿੰਗਟਨ : ਅਮਰੀਕੀ ਸਰਕਾਰ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਦਿੱਤੇ ਜਾਣ ਵਾਲੇ ਵਰਕ ਵੀਜ਼ੇ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਇਸਦਾ ਅਸਰ ਭਾਰਤ ਸਣੇ ਕਈ ਦੇਸ਼ਾਂ ਦੇ ਉਨ੍ਹਾਂ ਚਾਲਕਾਂ ’ਤੇ ਪਵੇਗਾ, ਜੋ ਅਮਰੀਕੀ ਟਰਾਂਸਪੋਰਟ ਸੈਕਟਰ ’ਚ ਕੰਮ ਕਰਨ ਦੀ ਉਮੀਦ ’ਚ ਬੈਠੇ ਸਨ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇੱਕ ਪੰਜਾਬੀ ਡਰਾਈਵਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਟਰੱਕ ਗਲਤ ਦਿਸ਼ਾ ’ਚ ਮੋੜ ਦਿੱਤਾ ਸੀ, ਜਿਸ ਕਾਰਨ ਇੱਕ ਕਾਰ ’ਚ ਸਵਾਰ ਤਿੰਨ ਜਣੇ ਦਰੜੇ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਰੀਕੀ ਸਰਕਾਰ ਦਾ ਫੈਸਲਾ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਕਿਹਾ ਕਿ ਇਹ ਕਦਮ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ, ਬਲਕਿ ਵਿਦੇਸ਼ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਦੀ ਯੋਗਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਲਈ ਚੁੱਕਿਆ ਗਿਆ ਹੈ। ਉਨ੍ਹਾ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਅਮਰੀਕੀ ਸੜਕਾਂ ’ਤੇ ਵੱਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਗਿਣਤੀ ਵਧਣ ਨਾਲ ਆਮ ਲੋਕਾਂ ਦੀ ਜਾਨ ਨੂੰ ਖਤਰਾ ਵਧ ਰਿਹਾ ਹੈ ਅਤੇ ਨਾਲ ਹੀ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਤ ਹੋ ਰਹੀ ਹੈ।’’
ਵਿਦੇਸ਼ ਵਿਭਾਗ ਨੇ ਦੱਸਿਆ ਕਿ ਸਾਰੇ ਵੀਜ਼ਾ ਧਾਰਕਾਂ ’ਤੇ ‘ਕੰਟੀਨਿਊਸ ਵੋਟਿੰਗ’ ਭਾਵ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਜੇ ਕੋਈ ਵੀ ਸੁਰੱਖਿਆ ਜਾਂ ਨਿਯਮ ਉਲੰਘਣਾ ਸਾਹਮਣੇ ਆਈ ਤਾਂ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਅਤੇ ਡਿਪੋਰਟੇਸ਼ਨ ਦੀ ਕਾਰਵਾਈ ਹੋ ਸਕਦੀ ਹੈ।
ਅਮਰੀਕਾ ਵਿਚ ਮੌਜੂਦਾ ਸਮੇਂ 60 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਹੈ। ਇਸ ਦੇ ਬਾਵਜੂਦ ਵੀਜ਼ਾ ਰੋਕਣ ਦਾ ਇਹ ਕਦਮ ਦੱਸਦਾ ਹੈ ਕਿ ਸਰਕਾਰ ਹੁਣ ਸੜਕ ਸੁਰੱਖਿਆ ਅਤੇ ਭਾਸ਼ਾ ਸਮਰੱਥਾ (ਅੰਗਰੇਜ਼ੀ ਪੜ੍ਹਨ-ਸਮਝਣ ਦੀ ਸਮਰੱਥਾ) ਨੂੰ ਪਹਿਲ ਦੇ ਰਹੀ ਹੈ। ਅਧਿਕਾਰੀਆਂ ਮੁਤਾਬਕ ਇਹੀ ਕਾਰਕ ਸੜਕ ਹਾਦਸੇ ਰੋਕਣ ਲਈ ਅਹਿਮ ਹੈ। ਭਾਰਤੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ਦੇ ਲੌਜਿਸਿਟਕਸ ਸੈਕਟਰ ’ਚ ਲਗਾਤਾਰ ਆਪਣੀ ਪ੍ਰਾਪਤੀਆਂ ਦਰਜ ਕਰਵਾਉਂਦੇ ਰਹਿੰਦੇ ਹਨ। ਨਵੇਂ ਵਰਕ ਵੀਜ਼ਾ ਫਿਲਹਾਲ ਜਾਰੀ ਨਹੀਂ ਹੋਣਗੇ, ਜਿਸ ’ਚ ਭਾਰਤੀ ਬਿਨੈਕਾਰਾਂ ਨੂੰ ਦੇਰੀ ਜਾਂ ਅਸਵੀਕਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲਾਂ ਤੋਂ ਸਵੀਕਾਰੀ ਗਈ ਅਰਜ਼ੀ ਵਾਲੇ ਵੀਜ਼ਾ ਧਾਰਕਾਂ ਦੀ ਵੀ ਮੁੜ ਜਾਂਚ ਹੋ ਸਕਦੀ ਹੈ। ਜਿਨ੍ਹਾਂ ਦੀਆਂ ਅਰਜ਼ੀਆਂ ਪੈਂਡਿੰਗ ਹਨ, ਉਨ੍ਹਾਂ ਲਈ ਅਨਿਸ਼ਚਿਤਤਾ ਹੋਰ ਵਧ ਗਈ ਹੈ।


