ਮੇਂਗਲੂਰੂ : ਕਰਨਾਟਕ ’ਚ ਪ੍ਰਸਿੱਧ ਧਰਮ ਸਥੱਲ ’ਤੇ ਪਿਛਲੇ ਦੋ ਦਹਾਕਿਆਂ ਦੌਰਾਨ ਕਥਿਤ ਤੌਰ ’ਤੇ ਕਈ ਕਤਲਾਂ, ਜਬਰ-ਜ਼ਨਾਹ ਦੀਆਂ ਵਾਰਦਾਤਾਂ ਤੇ ਲਾਸ਼ਾਂ ਦਬਾਉਣ ਦਾ ਦਾਅਵਾ ਕਰਨ ਵਾਲੇ ਸ਼ਿਕਾਇਤਕਰਤਾ ਨੂੰ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸਨਿੱਚਰਵਾਰ ਗਿ੍ਰਫਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਸਫਾਈ ਕਰਮਚਾਰੀ ਸ਼ਿਕਾਇਤਕਰਤਾ ਦੀ ਪਛਾਣ ਸੀ ਐੱਨ ਚਿਨੱਈਆ ਵਜੋਂ ਹੋਈ ਹੈ। ਜੁਡੀਸ਼ੀਅਲ ਫਸਟ ਕਲਾਸ ਮੈਜਿਸਟ੍ਰੇਟ ਨੇ ਉਸ ਦਾ 10 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਿਆਨਾਂ ਤੇ ਮੁਹੱਈਆ ਕਰਵਾਏ ਗਏ ਦਸਤਾਵੇਜ਼ਾਂ ’ਚ ਬੇਨੇਮੀਆਂ ਪਾਏ ਜਾਣ ਮਗਰੋਂ ਗਿ੍ਰਫਤਾਰੀ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ 1995 ਤੋਂ 2014 ਦੇ ਦਰਮਿਆਨ ਧਾਰਮਕ ਸਥਾਨ ਵਿੱਚ ਕੰਮ ਕੀਤਾ ਸੀ ਅਤੇ ਉਸ ਨੂੰ ਧਾਰਮਕ ਸਥਾਨ ਵਿੱਚ ਔਰਤਾਂ ਤੇ ਨਾਬਾਲਗਾਂ ਸਣੇ ਕਈ ਲੋਕਾਂ ਦੀਆਂ ਲਾਸ਼ਾਂ ਦਫਨਾਉਣ ਲਈ ਮਜਬੂਰ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕੁਝ ਲਾਸ਼ਾਂ ਤੋਂ ਜਿਨਸੀ ਸ਼ੋਸ਼ਣ ਦੇ ਸੰਕੇਤ ਮਿਲੇ ਸਨ। ਉਸ ਨੇ ਇਸ ਸੰਬੰਧ ਵਿੱਚ ਮੈਜਿਸਟਰੇਟ ਦੇ ਸਾਹਮਣੇ ਬਿਆਨ ਵੀ ਦਿੱਤਾ ਹੈ। ਸਿਟ ਨੇ ਜਾਂਚ ਤਹਿਤ ਧਾਰਮਕ ਸਥਾਨ ਨੇਤਰਵਤੀ ਨਦੀ ਕਿਨਾਰੇ ਜੰਗਲੀ ਖੇਤਰਾਂ ’ਚ ਸ਼ਿਕਾਇਤਕਰਤਾ ਦੀ ਨਿਸ਼ਾਨਦੇਹੀ ’ਤੇ ਕੁਝ ਥਾਵਾਂ ਦੀ ਖੁਦਾਈ ਕੀਤੀ ਸੀ, ਜਿੱਥੋਂ ਹੁਣ ਤੱਕ ਦੋ ਪਿੰਜਰਾਂ ਦੇ ਅਵਸ਼ੇਸ਼ ਮਿਲੇ ਹਨ। ਗ੍ਰਹਿ ਮੰਤਰੀ ਜੀ ਭਗਵਾਨ ਨੇ ਹਾਲ ਹੀ ਵਿੱਚ ਵਿਧਾਨ ਸਭਾ ’ਚ ਕਿਹਾ ਸੀ ਕਿ ਜੇ ਵਿਸ਼ੇਸ਼ ਜਾਂਚ ਟੀਮ ਨੂੰ ਸ਼ਿਕਾਇਤਕਰਤਾ ਵੱਲੋਂ ਲਾਏ ਦੋਸ਼ਾਂ ’ਚ ਕਿਸੇ ਝੂਠ ਦਾ ਪਤਾ ਲੱਗਦਾ ਹੈ ਤਾਂ ਉਸ ਖਿਲਾਫ ਕਾਨੂੰਨ ਦੇ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾ ਕਿਹਾ ਕਿ ਹੁਣ ਤੱਕ ਸਿਰਫ ਖੁਦਾਈ ਹੋਈ, ਜਾਂਚ ਹਾਲੇ ਸ਼ੁਰੂ ਹੀ ਨਹੀਂ ਹੋਈ ਹੈ ਅਤੇ ਸਰਕਾਰ ਨਹੀਂ, ਬਲਕਿ ਮਾਮਲੇ ਦੀ ਜਾਂਚ ਕਰ ਰਹੀ ਸਿਟ ਹੀ ਅੱਗੇ ਹੋਰ ਖੁਦਾਈ ਬਾਰੇ ਫੈਸਲਾ ਲਵੇਗੀ।


