ਕਟਿਹਾਰ : ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਮਹਾਰਾਸ਼ਟਰ ਵਿੱਚ ਉਨ੍ਹਾ ਵਿਰੁੱਧ ਦਰਜ ਕੀਤੀ ਗਈ ਐੱਫ ਆਈ ਆਰ ਦੇ ਜਵਾਬ ਵਿੱਚ ਕਿਹਾ, ‘ਮੈਂ ਨਹੀਂ ਡਰਦਾ ਅਤੇ ਸੱਚ ਬੋਲਣਾ ਜਾਰੀ ਰੱਖਾਂਗਾ।’ਦਰਅਸਲ ਸ਼ੁੱਕਰਵਾਰ ਪ੍ਰਧਾਨ ਮੰਤਰੀ ਦੇ ਬਿਹਾਰ ਦੌਰੇ ਤੋਂ ਪਹਿਲਾਂ ਯਾਦਵ ’ਤੇ ਉਨ੍ਹਾ ਦੇ ਐੱਕਸ ਹੈਂਡਲ ’ਤੇ ਇੱਕ ਪੋਸਟ ਲਈ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾ ਨੇ ਦੋਸ਼ ਲਗਾਇਆ ਸੀ ਕਿ ਮੋਦੀ ਦੇ ਲੋਕਾਂ ਨਾਲ ਕੀਤੇ ਵਾਅਦੇ ਜੁਮਲਾ ਸਨ।
ਤੇਜਸਵੀ ਨੇ ਆਪਣੀ ਐੱਕਸ ਪੋਸਟ ਵਿੱਚ ਕਿਹਾ, ‘ਇਹ ਮਾਮਲਾ ਮੇਰੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਹੈ, ਪਰ ਮੈਂ ਸੱਚਾਈ ਅਤੇ ਨਿਆਂ ਲਈ ਲੜਦਾ ਰਹਾਂਗਾ।’ ਉਨ੍ਹਾ ਅੱਗੇ ਕਿਹਾ ਕਿ ਉਹ ਕਾਨੂੰਨੀ ਤਰੀਕੇ ਨਾਲ ਇਸ ਮਾਮਲੇ ਦਾ ਸਾਹਮਣਾ ਕਰਨਗੇ ਅਤੇ ਆਪਣੇ ਵਿਰੋਧੀਆਂ ਦੇ ਦਬਾਅ ਦੀ ਰਾਜਨੀਤੀ ਅੱਗੇ ਨਹੀਂ ਝੁਕਣਗੇ।
ਯਾਦਵ ਨੇ ਕਿਹਾ, ‘ਐੱਫ ਆਈ ਆਰ ਤੋਂ ਕੌਣ ਡਰਦਾ ਹੈ? ਕੀ ਜੁਮਲਾ ਇੱਕ ਇਤਰਾਜ਼ਯੋਗ ਸ਼ਬਦ ਹੈ? ਮੈਂ ਸਿਰਫ ਸੱਚ ਕਹਿ ਰਿਹਾ ਸੀ ਅਤੇ ਮੈਂ ਅਜਿਹਾ ਕਰਦਾ ਰਹਾਂਗਾ। ਉਹ ਮੇਰੇ ਵਿਰੁੱਧ ਜਿੰਨੇ ਮਰਜ਼ੀ ਮਾਮਲੇ ਦਰਜ ਕਰ ਸਕਦੇ ਹਨ।’
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਉੱਤਰੀ ਬਿਹਾਰ ਜ਼ਿਲ੍ਹੇ ਦੇ ਕਟਿਹਾਰ ਵਿੱਚ ਮੱਛੀ ਮੰਡੀਆਂ ਅਤੇ ਮਖਾਣਾ ਖੇਤਾਂ ਦਾ ਦੌਰਾ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਲ ਗੱਲ ਕੀਤੀ, ਜੋ ‘ਵੋਟਰ ਅਧਿਕਾਰ ਯਾਤਰਾ’ ਦੇ ਹਿੱਸੇ ਵਜੋਂ ਸੂਬੇ ਦਾ ਦੌਰਾ ਕਰ ਰਹੇ ਹਨ।
ਯਾਦਵ ਦੇ ਕਰੀਬੀ ਸਹਿਯੋਗੀ ਅਤੇ ਰਾਜ ਸਭਾ ਮੈਂਬਰ ਸੰਜੇ ਯਾਦਵ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਐੱਫ ਆਈ ਆਰ ਨੂੰ ਲੈ ਕੇ ਭਾਜਪਾ ਵਿਰੁੱਧ ਭੜਾਸ ਕੱਢੀ। ਉੱਧਰ ਰਾਜ ਸਭਾ ਮੈਂਬਰ ਅਖਿਲੇਸ਼ ਯਾਦਵ ਨੇ ਵੀ ਐੱਫ ਆਈ ਆਰ ਨੁੂੰ ਸਿਆਸੀ ਬਦਲਾਖੋਰੀ ਦੱਸਿਆ।


