ਕਾਬੁਲ : ਪੂਰਬੀ ਅਫਗਾਨਿਸਤਾਨ ਵਿੱਚ ਐਤਵਾਰ ਅੱਧੀ ਰਾਤੀਂ ਆਏ ਸ਼ਕਤੀਸ਼ਾਲੀ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1411 ਹੋ ਗਈ ਹੈ ਅਤੇ 3250 ਲੋਕ ਜ਼ਖਮੀ ਹੋਏ ਹਨ। ਬਚਾਅ ਟੀਮਾਂ ਵੱਲੋਂ ਇਲਾਕੇ ਵਿੱਚ ਬਚੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਚੰਦਰਸ਼ੇਖਰ ਨੇ ਵਿਧਾਇਕ ਬੇਟੀ ਨੂੰ ਕੀਤਾ ਮੁਅੱਤਲ
ਹੈਦਰਾਬਾਦ : ਭਾਰਤ ਰਾਸ਼ਟਰ ਸਮਿਤੀ (ਬੀ ਆਰ ਐੱਸ) ਨੇ ਵਿਧਾਇਕ ਕੇ ਕਵਿਤਾ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰਾਂ ਟੀ ਰਵਿੰਦਰ ਅਤੇ ਸੋਮਾ ਭਰਤ ਕੁਮਾਰ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਕੇ ਚੰਦਰਸ਼ੇਖਰ ਰਾਓ ਨੇ ਬੇਟੀ ਕਵਿਤਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਕਵਿਤਾ ਨੇ ਆਪਣੇ ਪਿਤਾ ਨੂੰ ਪਿੱਛੇ ਜਿਹੇ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾ ਨੂੰ ਸ਼ੈਤਾਨ ਆਗੂਆਂ ਨੇ ਘੇਰਾ ਪਾਇਆ ਹੋਇਆ ਹੈ। ਇਸ ਨਾਲ ਪਾਰਟੀ ਵਿੱਚ ਹਲਚਲ ਮਚ ਗਈ ਸੀ। ਉਸ ਤੋਂ ਬਾਅਦ ਕਵਿਤਾ ਦੀ ਪਾਰਟੀ ਵਿੱਚ ਸਰਗਰਮੀ ਘਟ ਗਈ ਸੀ ਤੇ ਉਸ ਨੇ ‘ਤਿਲੰਗਾਨਾ ਜਾਗਰਤੀ’ ਨਾਂਅ ਦੀ ਆਪਣੀ ਜਥੇਬੰਦੀ ਹੇਠ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਸਰਕਾਰ ਵੱਲੋਂ ਕਾਲੇਸ਼ਵਰਮ ਪ੍ਰੋਜੈਕਟ ਵਿੱਚ ਬੇਨੇਮੀਆਂ ਦੀ ਸੀ ਬੀ ਆਈ ਤੋਂ ਜਾਂਚ ਕਰਾਉਣ ਦਾ ਫੈਸਲਾ ਕਰਨ ਤੋਂ ਬਾਅਦ ਕਵਿਤਾ ਨੇ ਸਾਬਕਾ ਮੰਤਰੀ ਤੇ ਪਾਰਟੀ ਵਿਧਾਇਕ ਟੀ ਹਰੀਸ਼ ਰਾਓ (ਜੋ ਕਵਿਤਾ ਦਾ ਰਿਸ਼ਤੇਦਾਰ ਵੀ ਹੈ) ਅਤੇ ਸਾਬਕਾ ਸਾਂਸਦ ਸੰਤੋਸ਼ ਕੁਮਾਰ ’ਤੇ ਹਮਲਾ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਨੇ ਹੀ ਚੰਦਰਸ਼ੇਖਰ ਰਾਓ ਨੂੰ ਬਦਨਾਮ ਕਰਵਾਇਆ ਹੈ। ਪਾਰਟੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਤੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ।




