ਹਰਿਆਣਾ ਦੀ ਤਨਿਸ਼ਕਾ ਦੇਸ਼ ਭਰ ’ਚੋਂ ਅੱਵਲ

0
327

ਜ਼ੀਰਕਪੁਰ : ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ 17 ਜੁਲਾਈ ਨੂੰ ਲਈ ਨੀਟ-2022 ਪ੍ਰੀਖਿਆ ਵਿਚ ਹਰਿਆਣਾ ਦੇ ਨਾਰਨੌਲ ਦੇ ਮਿਰਜ਼ਾਪੁਰ ਬੱਛੋਦ ਪਿੰਡ ਦੀ ਤਨਿਸ਼ਕਾ ਯਾਦਵ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ 720 ’ਚੋਂ 715 ਅੰਕ ਹਾਸਲ ਕਰਕੇ ਦੇਸ਼ ’ਚ ਟਾਪ ਕੀਤਾ। ਦਿੱਲੀ ਦਾ ਵਤਸ ਬੱਤਰਾ ਅਤੇ ਕਰਨਾਟਕ ਦਾ ਰਿਸ਼ੀਕੇਸ਼ ਗਾਂਗੁਲੇ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਕਰਨਾਟਕ ਦੀ ਰੁਚਾ ਪਾਵਾਸੇ, ਤਿਲੰਗਾਨਾ ਦੀ ਇਰਾਬੇਲੀ ਸਿਧਾਰਥ ਰਾਓ, ਮਹਾਰਾਸ਼ਟਰ ਦੇ ਰਿਸ਼ੀ ਬਾਲਸੇ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ’ਤੇ ਰਹੇ। ਜੰਮੂ-ਕਸ਼ਮੀਰ ਦਾ ਹਾਜ਼ਿਕ ਪਰਵੇਜ਼ ਲੋਨ 10ਵੇਂ ਸਥਾਨ ’ਤੇ ਰਿਹਾ। ਕੋਟਾ ਵਿਚ ਟਰੇਨਿੰਗ ਲੈਣ ਵਾਲੀ ਤਨਿਸ਼ਕਾ ਨੇ ਦੱਸਿਆਮਾਂਪਿਆਂ ਨੇ ਕਦੇ ਪੜ੍ਹਾਈ ਨੂੰ ਲੈ ਕੇ ਦਬਾਅ ਨਹੀਂ ਪਾਇਆ, ਹਮੇਸ਼ਾ ਮੋਟੀਵੇਟ ਕੀਤਾ। ਕੋਚਿੰਗ ਤੇ ਸਕੂਲ ਦੇ ਇਲਾਵਾ ਉਹ ਰੋਜ਼ਾਨਾ 6-7 ਘੰਟੇ ਸੈਲਫ ਸਟੱਡੀ ਕਰਦੀ ਸੀ। ਜੋ ਪੜ੍ਹਾਇਆ ਜਾਂਦਾ ਹੈ, ਉਸਦਾ ਰਿਵੀਜ਼ਨ ਕਰਨਾ ਜ਼ਰੂਰੀ ਹੈ। ਇਹੀ ਕਾਮਯਾਬੀ ਦਾ ਮੂਲ ਮੰਤਰ ਹੈ। ਤਨਿਸ਼ਕਾ ਦਿੱਲੀ ਏਮਜ਼ ਤੋਂ ਕਾਰਡਿਓ, ਨਿਊਰੋ ਜਾਂ ਆਨਕੋਲੋਜੀ (ਕੈਂਸਰ) ਵਿਚ ਸਪੈਸ਼ਲਾਈਜ਼ੇਸ਼ਨ ਕਰਨਾ ਚਾਹੁੰਦੀ ਹੈ। ਉਸਦੇ ਪਿਤਾ �ਿਸ਼ਨ ਕੁਮਾਰ ਸਰਕਾਰੀ ਅਧਿਆਪਕ ਤੇ ਮਾਂ ਵੀ ਸਰਕਾਰੀ ਸਕੂਲ ਵਿਚ ਲੈਕਚਰਾਰ ਹੈ। ਤਿੰਨ ਭਰਾਵਾਂ-ਭੈਣਾਂ ਵਿਚ ਸਭ ਤੋਂ ਵੱਡੀ ਤਨਿਸ਼ਕਾ ਦਾ ਪਰਿਵਾਰ ਨਾਰਨੌਲ ਵਿਚ ਰਹਿੰਦਾ ਹੈ।
ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ 720 ਵਿੱਚੋਂ 710 ਅੰਕ ਲੈ ਕੇ ਪੰਜਾਬ ਵਿੱਚੋਂ ਟਾਪ ਕੀਤਾ ਹੈ, ਜਦੋਂਕਿ ਉਸ ਦਾ ਆਲ ਇੰਡੀਆ ਰੈਂਕ 7ਵਾਂ ਹੈ। ਉਸ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਤਾ ਅਤੇ ਮਰਹੂਮ ਪਿਤਾ ਤੋਂ ਇਲਾਵਾ ਆਪਣੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਅਤੇ ਪ੍ਰਤੀਬੱਧਤਾ ਨੂੰ ਦਿੱਤਾ ਹੈ। ਡਾਕਟਰ ਬਣਨ ਦਾ ਟੀਚਾ ਰੱਖਣ ਵਾਲੇ ਅਰਪਿਤ ਨੇ ਦੱਸਿਆ ਕਿ ਜਦੋਂ ਉਹ 10ਵੀਂ ਜਮਾਤ ’ਚ ਪੜ੍ਹਦਾ ਸੀ ਤਾਂ 2019 ’ਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਨੇ ਇਸ ਦੁਖਾਂਤ ਨੂੰ ਚੁਣੌਤੀ ਮੰਨਿਆ ਤੇ ਹੌਸਲਾ ਬੁਲੰਦ ਰੱਖਿਆ। ਫਾਰਮਾ ਕੰਪਨੀ ’ਚ ਕੰਮ ਕਰਦੀ ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਅਰਪਿਤ ਨੂੰ ਡਾਕਟਰ ਬਣਨ ਦਾ ਸ਼ੌਕ ਬਚਪਨ ਤੋਂ ਹੀ ਸੀ, ਜਦੋਂ ਉਹ ਪੀ ਜੀ ਆਈ ਵਿਚ ਕੰਮ ਕਰਨ ਵਾਲੀ ਆਪਣੀ ਦਾਦੀ ਨਾਲ ਸਮੇਂ-ਸਮੇਂ ’ਤੇ ਉਥੇ ਜਾਂਦਾ ਅਤੇ ਡਾਕਟਰਾਂ ਨਾਲ ਗੱਲਾਂ ਕਰਦਾ ਸੀ। ਅਰਪਿਤ ਨੇ ਉਥੋਂ ਹੀ ਡਾਕਟਰੀ ਦੀ ਪ੍ਰੇਰਨਾ ਲਈ।

LEAVE A REPLY

Please enter your comment!
Please enter your name here