ਮਲਾਈ ਛਕ ਗਏ ਮੋਦੀ ਦੇ ਭਤੀਜੇ : ਕਾਂਗਰਸ

0
121

ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਪੁੱਤਰਾਂ ਨੂੰ ਕੇਂਦਰ ਦੀ ਈਥਾਨੌਲ ਨੀਤੀ ਤੋਂ ਅਸਾਧਾਰਨ ਲਾਭ ਮਿਲਿਆ ਹੈ, ਜਦੋਂ ਕਿ ਨਾਗਰਿਕਾਂ ਅਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਪਾਰਟੀ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਲੇ-ਦੁਆਲੇ ਦੇ ਇੱਕ ਵੱਡੇ ‘ਭਤੀਜਾ’ ਸੱਭਿਆਚਾਰ ਦਾ ਹਿੱਸਾ ਦੱਸਿਆ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਦੱਸਿਆ ਕਿ ਮੋਦੀ ਸਰਕਾਰ ਨਗਰ ਨਿਗਮ ਦੇ ਕੂੜੇ ਅਤੇ ਲੱਕੜ ਦੇ ਬਾਇਓਮਾਸ ਤੋਂ ਈਥਾਨੌਲ ਪੈਦਾ ਕਰਨ ਦੇ ਆਪਣੇ 2014 ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾ ਕਿਹਾ, ‘‘ਸੱਤ ਸਾਲ ਬਾਅਦ ਇੱਕ ਵੀ ਲਿਟਰ ਈਥਾਨੌਲ ਰਹਿੰਦ-ਖੂੰਹਦ ਤੋਂ ਨਹੀਂ ਆਇਆ ਹੈ। ਪੈਦਾ ਹੋਏ 627 ਕਰੋੜ ਲਿਟਰ ਈਥਾਨੌਲ ਵਿੱਚੋਂ 56 ਫੀਸਦੀ ਗੰਨੇ ਤੋਂ ਅਤੇ ਬਾਕੀ ਅਨਾਜ ਤੋਂ ਆਇਆ ਹੈ।’’
ਪਵਨ ਖੇੜਾ ਨੇ ਗਡਕਰੀ ਦੇ ਪੁੱਤਰਾਂ ਨਿਖਿਲ ਅਤੇ ਸਾਰੰਗ ਗਡਕਰੀ ’ਤੇ ਆਪਣੇ ਪਿਤਾ ਵੱਲੋਂ ਬਣਾਈਆਂ ਗਈਆਂ ਨੀਤੀਆਂ ਤੋਂ ਲਾਭ ਲੈਣ ਦਾ ਦੋਸ਼ ਲਗਾਇਆ। ਉਨ੍ਹਾ ਦਾਅਵਾ ਕੀਤਾ ਕਿ ਨਿਖਿਲ ਦੀ ਕੰਪਨੀ ਸਿਆਨ ਐਗਰੋ ਇੰਡਸਟ੍ਰੀਜ਼ ਐਂਡ ਇਨਫ੍ਰਾਸਟਰਕਚਰ ਲਿਮਟਿਡ ਨੇ ਜੂਨ, 2024 ਵਿੱਚ 18 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ, ਜੋ ਇੱਕ ਸਾਲ ਬਾਅਦ 523 ਕਰੋੜ ਰੁਪਏ ਹੋ ਗਈ। ਇਸ ਦੇ ਸ਼ੇਅਰ ਦੀ ਕੀਮਤ ਜਨਵਰੀ, 2025 ਵਿੱਚ 37.45 ਰੁਪਏ ਤੋਂ ਵਧ ਕੇ 638 ਰੁਪਏ ਹੋ ਗਈ, ਜੋ ਕਿ 2,100 ਫੀਸਦੀ ਤੋਂ ਵੱਧ ਦਾ ਵਾਧਾ ਹੈ। ਸਾਰੰਗ ਗਡਕਰੀ ਮਾਨਸ ਐਗਰੋ ਇੰਡਸਟ੍ਰੀਜ਼ ਦਾ ਮਾਲਕ ਹੈ, ਜੋ ਕਿ ਈਥਾਨੌਲ ਕਾਰੋਬਾਰ ਵਿੱਚ ਵੀ ਹੈ। ਕਾਂਗਰਸ ਨੇਤਾ ਨੇ ਕਿਹਾ, ‘‘ਪਿਤਾ ਨੀਤੀ ਤਿਆਰ ਕਰਦੇ ਹਨ, ਪੁੱਤਰ ਇਸ ਤੋਂ ਲਾਹਾ ਲੈਂਦੇ ਹਨ।’’ ਉਨ੍ਹਾ ਦੋਸ਼ ਲਾਇਆ ਕਿ ਜਦੋਂ ਗਡਕਰੀ ਦੀਆਂ ਪਰਵਾਰਕ ਫਰਮਾਂ ਵਧੀਆਂ, ਪੈਟਰੋਲ ਦੀਆਂ ਕੀਮਤਾਂ ਵਧੀਆਂ, ਈਥਾਨੌਲ ਮਿਸ਼ਰਨ ਕਾਰਨ ਵਾਹਨਾਂ ਦੇ ਇੰਜਣਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਿਸਾਨ ਸਸਤੇ ਭਾਅ ’ਤੇ ਆਪਣਾ ਅਨਾਜ ਵੇਚਣ ਲਈ ਮਜਬੂਰ ਸਨ। ਉਨ੍ਹਾ ਕਿਹਾ, ‘‘ਨੀਤੀ ਆਯੋਗ ਖੁਦ ਮੰਨਦਾ ਹੈ ਕਿ ਮੁਨਾਫਾ ਛੇ ਫੀਸਦੀ ਡਿੱਗ ਗਿਆ ਹੈ।’’ ਇਸ ਮੁੱਦੇ ਨੂੰ ਇੱਕ ਵਿਸ਼ਾਲ ਪੈਟਰਨ ਨਾਲ ਜੋੜਦਿਆਂ ਖੇੜਾ ਨੇ ਕਿਹਾ ਕਿ ਮੋਦੀ ‘ਭਤੀਜਿਆਂ ਦੇ ਸਮੂਹ’ ਨਾਲ ਘਿਰੇ ਹੋਏ ਹਨ। ਉਨ੍ਹਾ ਅਮਿਤ ਸ਼ਾਹ, ਜਯੋਤੀਰਾਦਿੱਤਿਆ ਸਿੰਧੀਆ ਅਤੇ ਅਜੀਤ ਡੋਭਾਲ ਦੇ ਪੁੱਤਰਾਂ ਦਾ ਨਾਂਅ ਉਦਾਹਰਨ ਵਜੋਂ ਲਿਆ।
ਪਵਨ ਖੇੜਾ ਨੇ ਕਿਹਾ, ‘‘ਕੁਝ ਭਤੀਜੇ ਟੀ-20 ਟੂਰਨਾਮੈਂਟਾਂ ਰਾਹੀਂ ਪੈਸਾ ਕਮਾਉਂਦੇ ਹਨ, ਕੁਝ ਈ-20 ਈਥਾਨੌਲ ਰਾਹੀਂ।’’ ਉਨ੍ਹਾ ਕਿਹਾ ਕਿ ਸਰਕਾਰ ਅਧੀਨ ਸਿਆਸਤ ਅਤੇ ਕਾਰੋਬਾਰ ਵਿਚਾਲੇ ਗੱਠਜੋੜ ਡੂੰਘਾ ਹੋ ਗਿਆ ਹੈ। ਉਨ੍ਹਾ ਦੋਸ਼ ਲਾਇਆ ਕਿ ਰੂਸ ਤੋਂ ਆਯਾਤ ਕੀਤੇ ਗਏ ਸਸਤੇ ਕੱਚੇ ਤੇਲ ਨੂੰ ਪ੍ਰਧਾਨ ਮੰਤਰੀ ਦੇ ਕਰੀਬੀਆਂ ਦੀਆਂ ਕੰਪਨੀਆਂ ਵੱਲੋਂ ਸੋਧਿਆ ਜਾ ਰਿਹਾ ਸੀ, ਫਿਰ ਟੈਕਸ ਜੋੜਨ ਤੋਂ ਪਹਿਲਾਂ ਗਡਕਰੀ ਦੇ ਪੁੱਤਰਾਂ ਵੱਲੋਂ ਚਲਾਈਆਂ ਜਾ ਰਹੀਆਂ ਈਥਾਨੌਲ ਫੈਕਟਰੀਆਂ ਨੂੰ ਦੇ ਦਿੱਤਾ ਗਿਆ। ਇਹ ਇੱਕ ਅਜਿਹਾ ਸਿਸਟਮ ਹੈ ਜਿੱਥੇ ਚਾਚਾ ਵੋਟਾਂ ਹੜੱਪਦਾ ਹੈ ਅਤੇ ਭਤੀਜੇ ਪੈਸੇ ਹੜੱਪਦੇ ਹਨ।’’
ਆਪਣੇ ਸਵਾਲ ਸਿੱਧੇ ਪ੍ਰਧਾਨ ਮੰਤਰੀ ਵੱਲ ਮੋੜਦਿਆਂ ਖੇੜਾ ਨੇ ਕਿਹਾ, “2021 ਵਿੱਚ ਤੁਸੀਂ ਦਾਅਵਾ ਕੀਤਾ ਸੀ ਕਿ 20 ਫੀਸਦੀ ਈਥਾਨੌਲ ਮਿਸ਼ਰਨ ਕਿਸਾਨਾਂ ਦੀ ਆਮਦਨ ਨੂੰ ਵਧਾਏਗਾ। ਅੰਕੜੇ ਦਿਖਾਓ, ਉਨ੍ਹਾਂ ਨੂੰ ਅਸਲ ਵਿੱਚ ਕਿੰਨਾ ਲਾਭ ਹੋਇਆ? ਜੇਕਰ ਪੈਟਰੋਲ 55 ਰੁਪਏ ਪ੍ਰਤੀ ਲਿਟਰ ਹੋਣਾ ਸੀ, ਤਾਂ ਲੋਕ ਦੁੱਗਣਾ ਕਿਉਂ ਅਦਾ ਕਰ ਰਹੇ ਹਨ? ਗਡਕਰੀ ਦੇ ਪੁੱਤਰਾਂ ਨੂੰ ਲਾਭ ਕਿਉਂ ਹੋਇਆ, ਜਦੋਂ ਕਿ ਖਪਤਕਾਰਾਂ ਨੂੰ ਨਹੀਂ? ਉਨ੍ਹਾ 2014 ਤੋਂ 2025 ਦਰਮਿਆਨ ਪੈਟਰੋਲ ਅਤੇ ਡੀਜ਼ਲ ’ਤੇ ਸੈੱਸ ਵਜੋਂ ਇਕੱਠੇ ਕੀਤੇ ਗਏ ਲੱਗਭੱਗ 40 ਲੱਖ ਕਰੋੜ ਰੁਪਏ ਦਾ ਪੂਰਾ ਹਿਸਾਬ ਮੰਗਿਆ। ਖੇੜਾ ਨੇ ਪੁੱਛਿਆ, ‘‘ਸਰਕਾਰ ਭਿ੍ਰਸ਼ਟਾਚਾਰ ਲਈ ਜ਼ੀਰੋ ਟਾਲਰੈਂਸ ਦੀ ਗੱਲ ਕਰਦੀ ਹੈ ਅਤੇ ਸੰਵਿਧਾਨਕ ਸੋਧਾਂ ਨੂੰ ਅੱਗੇ ਵਧਾਉਂਦੀ ਹੈ। ਇਸ ਤੋਂ ਪਹਿਲਾਂ ਕੀ ਤੁਸੀਂ ਆਪਣੇ ਹੀ ਭਤੀਜਿਆਂ ਦੀ ਬਿ੍ਰਗੇਡ ਦੀ ਜਾਂਚ ਦਾ ਆਦੇਸ਼ ਦੇਵੋਗੇ?’’