30 ਅਗਸਤ ਤੋਂ ਇੱਕ ਸਤੰਬਰ ਤੱਕ ਚੀਨ ਦੇ ਸ਼ਹਿਰ ਤਿਆਨਜਿਨ ਵਿੱਚ ਹੋਏ ‘ਸ਼ੰਘਾਈ ਸਹਿਯੋਗ ਸੰਗਠਨ’ (ਐੱਸ ਸੀ ਓ) ਦੇ ਸਿਖਰ ਸੰਮੇਲਨ ਵਿੱਚ ਮੈਂਬਰ ਦੇਸ਼ ਇੱਕ ਸਾਂਝਾ ਐਲਾਨਨਾਮਾ ਜਾਰੀ ਕਰਨ ’ਤੇ ਸਹਿਮਤ ਹੋਏ, ਜਿਸ ਵਿੱਚ ਕਿਹਾ ਗਿਆ : ਦੁਨੀਆ ਡੂੰਘੀਆਂ ਇਤਿਹਾਸਕ ਤਬਦੀਲੀਆਂ ਵਿੱਚੋਂ ਲੰਘ ਰਹੀ ਹੈ, ਜਿਸ ਦਾ ਅਸਰ ਸਿਆਸੀ, ਸਮਾਜੀ-ਆਰਥਕ ਤੇ ਸਮਾਜੀ ਸੰਬੰਧਾਂ ਦੇ ਹਰ ਖੇਤਰ ਵਿੱਚ ਪੈ ਰਿਹਾ ਹੈ। ਇਸ ਲਈ ਇੱਕ ਵਾਜਬ, ਨਿਆਂਪੂਰਨ ਤੇ ਬਹੁਧਰੁਵੀ ਵਿਸ਼ਵ ਵਿਵਸਥਾ ਦੇ ਨਿਰਮਾਣ ਦੀਆਂ ਸੱਧਰਾਂ ਵਧਦੀਆਂ ਜਾ ਰਹੀਆਂ ਹਨਇੱਕ ਅਜਿਹੀ ਵਿਸ਼ਵ ਵਿਵਸਥਾ, ਜਿਹੜੀ ਸਾਰੇ ਦੇਸ਼ਾਂ ਦੇ ਵਿਕਾਸ ਤੇ ਪ੍ਰਸਪਰ ਲਾਭਦਾਇਕ ਕੌਮਾਂਤਰੀ ਸਹਿਯੋਗ ਦੀਆਂ ਨਵੀਂਆਂ ਸੰਭਾਵਨਾਵਾਂ ਖੋਲ੍ਹੇ। ਅਜਿਹੀਆਂ ਸੰਭਾਵਨਾਵਾਂ ਤਿਆਨਜਿਨ ਵਿੱਚ ਖੁੱਲ੍ਹੀਆਂ। ਉੱਥੇ ਐੱਸ ਸੀ ਓ ਡਿਵੈੱਲਪਮੈਂਟ ਬੈਂਕ ਦੀ ਸਥਾਪਨਾ ’ਤੇ ਮੈਂਬਰ ਦੇਸ਼ਾਂ ਵਿਚਾਲੇ ਅਹਿਮ ਸਹਿਮਤੀ ਬਣੀ। ਇਸ ਦਾ ਸਪੱਸ਼ਟ ਮਕਸਦ ਬਿਨਾਂ ਅਮਰੀਕੀ ਡਾਲਰ ਵਰਤੇ ਕੌਮਾਂਤਰੀ ਕਾਰੋਬਾਰ ਨੂੰ ਬੜ੍ਹਾਵਾ ਦੇਣਾ ਹੈ। ਫੈਸਲਾ ਹੋਇਆ ਕਿ ਸਾਰੇ ਮੈਂਬਰ ਦੇਸ਼ ਆਪਣੀਆਂ ਭੁਗਤਾਨ ਪ੍ਰਣਾਲੀਆਂ ਨੂੰ ਪ੍ਰਸਤਾਵਤ ਬੈਂਕ ਨਾਲ ਜੋੜਨਗੇ। ਇਹ ਬੈਂਕ ਮੈਂਬਰ ਦੇਸ਼ਾਂ ’ਚ ਢਾਂਚਾਗਤ ਪ੍ਰੋਜੈਕਟਾਂ ਲਈ ਧਨ ਮੁਹੱਈਆ ਕਰਵਾਏਗੀ। ਇਸ ਤਰ੍ਹਾਂ ਪੱਛਮ ਦੇ ਕੰਟਰੋਲ ਵਾਲੀ ਵਿੱਤੀ ਵਿਵਸਥਾ ਦੀ ਇੱਕ ਬਦਲਵੀਂ ਬੈਂਕਿੰਗ ਸੰਸਥਾ ਹੋਂਦ ਵਿੱਚ ਆਵੇਗੀ। ਇਹ ਬੈਂਕ ਵਿਕਾਸਸ਼ੀਲ ਦੇਸ਼ਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲ ਹੋਏਗੀ।
ਸਿਖਰ ਸੰਮੇਲਨ ਦੇ ਦੋ ਦਿਨ ਬਾਅਦ ਤਿੰਨ ਸਤੰਬਰ ਨੂੰ ਦੂਜੀ ਸੰਸਾਰ ਜੰਗ ਵਿੱਚ ਨਾਜ਼ੀਵਾਦ ਤੇ ਫਾਸ਼ੀਵਾਦ ’ਤੇ ਮਿੱਤਰ ਦੇਸ਼ਾਂ ਦੀ ਫੈਸਲਾਕੁੰਨ ਜਿੱਤ ਦੀ 80ਵੀਂ ਵਰ੍ਹੇਗੰਢ ’ਤੇ ਬੀਜਿੰਗ ਵਿੱਚ ਜੇਤੂ ਪਰੇਡ ਹੋਈ। ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਬਹੁਤੇ ਆਗੂ ਇਸ ਪਰੇਡ ’ਚ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਕੁਝ ਹੋਰ ਦੇਸ਼ਾਂ ਦੇ ਆਗੂ ਵੀ ਪੁੱਜੇ। ਹਾਲਾਂਕਿ ਪੱਛਮੀ ਮੀਡੀਆ ਨੇ ਪਰੇਡ ਨੂੰ ਚੀਨੀ ਫੌਜੀ ਤਾਕਤ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਪੇਸ਼ ਕੀਤਾ, ਪਰ ਇਸ ਦਾ ਮਹੱਤਵ ਕਿਤੇ ਵੱਧ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਰਹੇ ਹਨ ਕਿ ਇਸ ਵਕਤ ਅਸੀਂ ਅਜਿਹੀਆਂ ਤਬਦੀਲੀਆਂ ਵਿੱਚੋਂ ਲੰਘ ਰਹੇ ਹਾਂ, ਜਿਹੜੀਆਂ ਲੰਘੇ 100 ਸਾਲਾਂ ’ਚ ਨਹੀਂ ਦੇਖੀਆਂ ਗਈਆਂ। ਸਦੀਆਂ ਤੱਕ ਪੱਛਮੀ ਬਸਤੀਵਾਦ ਤੇ ਸਾਮਰਾਜਵਾਦ ਦੇ ਸ਼ਿਕੰਜੇ ’ਚ ਰਹੇ ਗਲੋਬਲ ਸਾਊਥ ਦਾ ਆਖਰਕਾਰ ਹੁਣ ਉਦੈ ਹੋ ਰਿਹਾ ਹੈ। ਇਸ ਮੌਕੇ ਮੌਜੂਦ ਵਿਸ਼ਵ ਆਗੂਆਂ ਸਾਹਮਣੇ ਆਪਣੀ ਸੰਖੇਪ ਤਕਰੀਰ ਵਿੱਚ ਜਿਨਪਿੰਗ ਨੇ ਮਾਰਕਸਵਾਦ-ਲੈਨਿਨਵਾਦ ਤੋਂ ਪ੍ਰੇਰਤ ਖਾਸ ਚੀਨ ਪ੍ਰਕਿਰਤੀ ਦੇ ਸਮਾਜਵਾਦ ਦਾ ਜ਼ਿਕਰ ਕੀਤਾ। ਇਹ ਇਸ ਗੱਲ ਦਾ ਐਲਾਨ ਸੀ ਕਿ 1991 ਵਿੱਚ ਸੋਵੀਅਤ ਯੂਨੀਅਨ ਦੇ ਖਿੰਡਰਨ ਦੇ ਨਾਲ ਪੱਛਮ ਨੇ ਜਿਸ ‘ਇਤਿਹਾਸ ਦੇ ਅੰਤ’ (ਅਮਰੀਕੀ ਰਾਜਨੀਤੀ ਸ਼ਾਸਤਰੀ ਫਰਾਂਸਿਸ ਫੁਕੁਯਾਮਾ ਨੇ ਆਪਣੇ ਬਹੁ-ਚਰਚਿਤ ਲੇਖ ਵਿੱਚ ਇਹ ਧਾਰਨਾ ਪੇਸ਼ ਕੀਤੀ ਸੀ) ਦਾ ਐਲਾਨ ਕੀਤਾ ਸੀ, ਉਸ ‘ਇਤਿਹਾਸ’ ਨੇ ਕਿਤੇ ਵੱਧ ਤਾਕਤ ਨਾਲ ਆਪਣੀ ਵਾਪਸੀ ਕਰ ਲਈ ਹੈ। ਫੁਕੁਯਾਮਾ ਨੇ ਕਿਹਾ ਸੀ ਕਿ ਸੋਵੀਅਤ ਯੂਨੀਅਨ ਦੇ ਖਿੰਡਰਨ ਨਾਲ ਪੂੰਜੀਵਾਦ ਤੇ ਪੱਛਮੀ ਉਦਾਰਵਾਦੀ ਲੋਕਤੰਤਰ ਨੇ ਅੰਤਮ ਜਿੱਤ ਹਾਸਲ ਕਰ ਲਈ ਹੈ। ਹੁਣ ਅਗਲੀ ਦੁਨੀਆ ਇਨ੍ਹਾਂ ਵਿਵਸਥਾਵਾਂ ਦੇ ਮੁਤਾਬਕ ਚੱਲੇਗੀ ਤੇ ਸਾਰੇ ਵਿਸ਼ਵ ਨੂੰ ਇਸੇ ਵਿੱਚ ਢਲਣਾ ਹੋਵੇਗਾ। ਹਾਲਾਂਕਿ ਬਾਅਦ ਵਿੱਚ ਫੁਕੁਯਾਮਾ ਨੇ ਪੱਛਮੀ ਦੇਸ਼ਾਂ ਵਿੱਚ ਧੁਰ-ਦੱਖਣਪੰਥ ਦੇ ਉਦੈ ਤੇ ਵਧਦੇ ਬਿਖਰਾਅ ਦਰਮਿਆਨ ਮੰਨ ਲਿਆ ਸੀ ਕਿ ਉਨ੍ਹਾ ਦੀ ਪੁਰਾਣੀ ਸਮਝ ਗਲਤ ਸਾਬਤ ਹੋਈ ਹੈ। ਐੱਸ ਸੀ ਓ ਸਿਖਰ ਸੰਮੇਲਨ ਤੇ ਜੇਤੂ ਪਰੇਡ ਨੇ ਇਹ ਦਰਸਾਇਆ ਹੈ ਕਿ ਦੁਨੀਆ ਦੀ ਵਰਤਮਾਨ ਕਥਾ ਹਤਾਸ਼ਾ ਦੀ ਨਹੀਂ, ਸਗੋਂ ਕੁਝ ਨਵਾਂ ਕੀਤਾ ਜਾ ਰਿਹਾ ਹੈ। ਇੱਕੀਵੀਂ ਸਦੀ ਦੇ ਤੀਜੇ ਦਹਾਕੇ ਵਿੱਚ ‘ਇਤਿਹਾਸ ਦੇ ਅੰਤ’ ਦੇ ਥੀਸਿਸ ਦਾ ਐਂਟੀ-ਥੀਸਿਸ ਸਾਕਾਰ ਰੂਪ ਲੈ ਚੁੱਕਾ ਹੈ। ਹੁਣ ਆਉਣ ਵਾਲੇ ਦਹਾਕਿਆਂ ਦੀ ਕਥਾ ਇਸ ਨਵੇਂ ਥੀਸਿਸ ਨਾਲ ਪ੍ਰੇਰਤ ਹੋਵੇਗੀ। ਦੁਨੀਆ ਵਿਸ਼ਵ ਵਿਵਸਥਾ ਦੇ ਨਵੇਂ ਦੌਰ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਇਸ ਦੌਰ ਦੀ ਕਹਾਣੀ ਗਲੋਬਲ ਸਾਊਥ ਵਿੱਚ ਤੇ ਉਥੋਂ ਦੇ ਲੋਕਾਂ ਵੱਲੋਂ ਲਿਖੀ ਜਾਵੇਗੀ।



