ਮੇਦਨੀਨਗਰ : ਗਰੀਬੀ ਕਾਰਨ ਦੋ ਡੰਗ ਦੀ ਰੋਜ਼ੀ-ਰੋਟੀ ਲਈ ਜੂਝ ਰਹੇ ਇੱਕ ਪਰਵਾਰ ਨੇ ਆਪਣੇ ਇੱਕ ਮਹੀਨੇ ਦੇ ਬੱਚੇ ਨੂੰ 50 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਝਾਰਖੰਡ ਪੁਲਸ ਨੇ ਮਾਮਲੇ ਦਾ ਪਤਾ ਲੱਗਣ ਮਗਰੋਂ ਐਤਵਾਰ ਬੱਚੇ ਨੂੰ ਬਚਾ ਲਿਆ। ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਪੁਲਸ ਨੂੰ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦੇਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਲੇਸਲੀਗੰਜ ਸਰਕਲ ਅਫਸਰ ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਪਲਾਮੂ ਜ਼ਿਲ੍ਹੇ ਦੇ ਲੇਸਲੀਗੰਜ ਇਲਾਕੇ ਦੇ ਇੱਕ ਜੋੜੇ ਨੇ ਅੱਤ ਦੀ ਗਰੀਬੀ ਕਾਰਨ ਕਥਿਤ ਤੌਰ ’ਤੇ ਆਪਣੇ ਪੁੱਤ ਨੂੰ 50,000 ਰੁਪਏ ਵਿੱਚ ਵੇਚ ਦਿੱਤਾ।
ਪਲਾਮੂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਟਵਾ ਪਿੰਡ ਵਿੱਚ ਪਰਵਾਰ ਨੂੰ 20 ਕਿੱਲੋ ਅਨਾਜ ਮੁਹੱਈਆ ਕਰਵਾਇਆ, ਜਦੋਂ ਕਿ ਉਸ ਨੂੰ ਵੱਖ-ਵੱਖ ਭਲਾਈ ਯੋਜਨਾਵਾਂ ਅਧੀਨ ਦਰਜ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਮਚੰਦਰ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਜਣੇਪੇ ਤੋਂ ਬਾਅਦ ਲਗਾਤਾਰ ਬਿਮਾਰ ਸੀ ਅਤੇ ਉਸ ਕੋਲ ਇਲਾਜ ਲਈ ਪੈਸੇ ਨਹੀਂ ਸਨ, ਇਸ ਲਈ ਪਤਨੀ ਨੂੰ ਦਵਾਈ ਦਿਵਾਉਣ ਲਈ ਉਸ ਨੇ ਆਪਣੇ ਪੁੱਤਰ ਨੂੰ ਗੁਆਂਢੀ ਪਿੰਡ ਦੇ ਇੱਕ ਦਲਾਲ ਜੋੜੇ ਨੂੰ ਵੇਚ ਦਿੱਤਾ।
ਦਿਹਾੜੀ ਕਰਕੇ ਗੁਜ਼ਾਰਾ ਕਰਦੇ ਰਾਮ ਦਾ ਕੰਮ-ਕਾਜ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਠੱਪ ਪਿਆ ਸੀ। ਰਾਮ ਨੇ ਦੱਸਿਆ, ‘‘ਮੇਰੇ ਕੋਲ ਪਤਨੀ ਦੇ ਇਲਾਜ ਅਤੇ ਭੋਜਨ ਦੇ ਪ੍ਰਬੰਧ ਲਈ ਪੈਸੇ ਨਹੀਂ ਸਨ।’’ ਰਕਮ ਦੀ ਅਦਾਇਗੀ ਮਗਰੋਂ ਦਲਾਲ ਜੋੜਾ ਬੱਚੇ ਨੂੰ ਲਾਤੇਹਰ ਜ਼ਿਲ੍ਹੇ ’ਚ ਲੈ ਗਿਆ। ਰਾਮ ਨੇ ਦੱਸਿਆ, ‘‘ਅਸੀਂ ਬੇਘਰ ਹਾਂ ਅਤੇ ਆਪਣੇ ਚਾਰ ਹੋਰ ਬੱਚਿਆਂ ਨਾਲ ਖਸਤਾ ਹਾਲ ਸ਼ੈੱਡ ਥੱਲੇ ਰਾਤਾਂ ਲੰਘਾਉਂਦੇ ਹਾਂ।’’ ਯੂ ਪੀ ਦੇ ਮਿਰਜ਼ਾਪੁਰ ਦਾ ਰਾਮ ਡੇਢ ਦਹਾਕੇ ਤੋਂ ਆਪਣੀ ਪਤਨੀ ਨਾਲ ਲੋਟਵਾ ਵਿੱਚ ਰਹਿ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਉਹ ਮਜ਼ਦੂਰੀ ਕਰਦੇ ਹਨ ਅਤੇ ਜਦੋਂ ਕੰਮ ਨਹੀਂ ਮਿਲਦਾ ਤਾਂ ਉਹ ਪਿੰਡ ਵਿੱਚ ਭੀਖ ਵੀ ਮੰਗਦੇ ਹਨ। ਪਰਵਾਰ ਦਾ ਕੋਈ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਸਰਕਾਰੀ ਸਹੂਲਤ ਦਾ ਲਾਭ ਮਿਲ ਰਿਹਾ ਹੈ।
ਪਤਨੀ ਪਿੰਕੀ ਦੇਵੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਝੁੱਗੀ ਬਣਾਉਣ ਲਈ ਥੋੜ੍ਹੀ ਜਿਹੀ ਥਾਂ ਦਿੱਤੀ ਸੀ ਅਤੇ ਹੁਣ ਲਗਾਤਾਰ ਮੀਂਹ ਕਾਰਨ ਝੁੱਗੀ ਵੀ ਤਬਾਹ ਹੋ ਗਈ ਹੈ। ਪਿੰਕੀ ਦੇਵੀ ਨੇ ਸ਼ੈੱਡ ਥੱਲੇ ਹੀ ਬੱਚੇ ਨੂੰ ਜਨਮ ਦਿੱਤਾ ਅਤੇ ਉਦੋਂ ਤੋਂ ਉਹ ਬਿਮਾਰ ਹੈ। ਲੇਸਲੀਗੰਜ ਪੁਲਸ ਥਾਣੇ ਦੇ ਇੰਚਾਰਜ ਉੱਤਮ ਕੁਮਾਰ ਰਾਏ ਨੇ ਦੱਸਿਆ ਕਿ ਬੱਚੇ ਦਾ ਪਤਾ ਲਗਾਉਣ ਲਈ ਇੱਕ ਪੁਲਸ ਟੀਮ ਲਾਤੇਹਰ ਭੇਜੀ ਗਈ ਸੀ, ਜਿਸ ਨੇ ਬੱਚਾ ਬਰਾਮਦ ਕਰ ਲਿਆ।


